ਮਾਨਚੈਸਟਰ- ਪਿਛਲੇ ਮੈਚ ਵਿਚ ਹੈਟ੍ਰਿਕ ਲਾਉਣ ਵਾਲੇ ਮੁਹੰਮਦ ਸ਼ੰਮੀ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਕਾਤਲਾਨਾ ਪ੍ਰਦਰਸ਼ਨ ਨਾਲ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਭਾਰਤ ਨੇ ਵੀਰਵਾਰ ਨੂੰ  ਆਈ. ਸੀ. ਸੀ. ਵਿਸ਼ਵ ਕੱਪ ਮੁਕਾਬਲੇ ਵਿਚ ਵੈਸਟਇੰਡੀਜ਼ 'ਤੇ 125 ਦੌੜਾਂ ਦੀ ਧਮਾਕੇਦਾਰ ਜਿੱਤ ਦਰਜ ਕਰ ਲਈ। ਟੂਰਨਾਮੈਂਟ ਵਿਚ ਇਕਲੌਤੀ ਅਜੇਤੂ ਭਾਰਤੀ ਟੀਮ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਹੁਣ ਸਿਰਫ ਇਕ ਕਦਮ ਦੂਰ ਹੈ। 

PunjabKesari
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 268 ਦੌੜਾਂ ਬਣਾਈਆਂ, ਜਿਸ ਨੂੰ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਲਈ ਪਹਾੜ ਵਰਗਾ ਬਣਾ ਦਿੱਤਾ। ਕੈਰੇਬੀਆਈ ਟੀਮ 34.2 ਓਵਰਾਂ ਵਿਚ 143 ਦੌੜਾਂ 'ਤੇ ਹੀ ਢੇਰ ਹੋ ਗਈ। ਭਾਰਤ ਨੇ 1983 ਦੀ ਆਪਣੀ ਖਿਤਾਬੀ ਜਿੱਤ ਦੌਰਾਨ ਵੀ ਵੈਸਟਇੰਡੀਜ਼ ਨੂੰ ਇਸੇ ਮੈਦਾਨ 'ਤੇ ਹਰਾਇਆ ਸੀ। ਹਾਲਾਂਕਿ ਉਸ ਸਮੇਂ ਵਿੰਡੀਜ਼ ਟੀਮ ਨੂੰ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਦੀ ਇਹ 6 ਮੈਚਾਂ 'ਚੋਂ 5ਵੀਂ ਜਿੱਤ ਹੈ, ਜਿਸ ਨਾਲ ਉਹ 11 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਵੈਸਟਇੰਡੀਜ਼ ਦੀ 7 ਮੈਚਾਂ ਵਿਚੋਂ ਇਹ 5ਵੀਂ ਹਾਰ ਹੈ ਤੇ ਉਸਦੀਆਂ ਅੱਗੇ ਵਧਣ ਦੀਆਂ ਧੁੰਦਲੀਆਂ ਜਿਹੀਆਂ ਉਮੀਦਾਂ ਵੀ ਹੁਣ ਖਤਮ ਹੋ ਗਈਆਂ ਹਨ। ਵਿੰਡੀਜ਼ ਟੀਮ ਹੁਣ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਤੋਂ ਬਾਅਦ ਵਿਸ਼ਵ ਕੱਪ 'ਚੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਗਈ ਹੈ। 
ਪਿੱਚ ਹੌਲੀ ਸੀ ਪਰ ਭਾਰਤ ਵਲੋਂ ਦੋ ਅਰਧ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਨਿਭਾਈਆਂ ਗਈਆਂ। ਵਿਰਾਟ ਕੋਹਲੀ (82 ਗੇਂਦਾਂ 'ਤੇ 72 ਦੌੜਾਂ) ਤੇ ਕੇ. ਐੈੱਲ ਰਾਹੁਲ (64 ਗੇਂਦਾਂ 'ਤੇ 48 ਦੌੜਾਂ) ਨੇ ਦੂਜੀ ਵਿਕਟ ਲਈ 69 ਦੌੜਾਂ ਅਤੇ ਮਹਿੰਦਰ ਸਿੰਘ ਧੋਨੀ (61 ਗੇਂਦਾਂ 'ਤੇ ਅਜੇਤੂ 56 ਦੌੜਾਂ) ਤੇ ਹਾਰਦਿਕ ਪੰਡਯਾ (38 ਗੇਂਦਾਂ 'ਤੇ 46 ਦੌੜਾਂ) ਨੇ 6ਵੀਂ ਵਿਕਟ ਲਈ 70 ਦੌੜਾਂ ਜੋੜੀਆਂ। 

PunjabKesari
ਵੈਸਟਇੰਡੀਜ਼ ਵਲੋਂ ਸਭ ਤੋਂ ਵੱਡਾ ਸਕੋਰ ਸਲਾਮੀ ਬੱਲੇਬਾਜ਼ ਸੁਨੀਲ ਅੰਬਰੀਸ਼ (40 ਗੇਂਦਾਂ'ਤੇ 31 ਦੌੜਾਂ) ਨੇ ਬਣਾਇਆ। ਸ਼ੰਮੀ  (16 ਦੌੜਾਂ ਦੇ ਕੇ 4 ਵਿਕਟਾਂ) ਨੇ ਸ਼ੁਰੂ ਵਿਚ ਹੀ ਉਸ ਨੂੰ ਝੰਜੋੜ ਕੇ ਰੱਖ ਦਿੱਤਾ, ਜਦਕਿ ਜਸਪ੍ਰੀਤ ਬੁਮਰਾਹ (9 ਦੌੜਾਂ 'ਤੇ 2 ਵਿਕਟਾਂ) ਤੇ ਯੁਜਵੇਂਦਰ ਚਾਹਲ  (39 ਦੌੜਾਂ 'ਤੇ 2 ਵਿਕਟਾਂ) ਨੇ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਗੇਂਦਬਾਜ਼ੀ ਕੀਤੀ। ਪੰਡਯਾ ਤੇ ਕੁਲਦੀਪ ਯਾਦਵ ਨੇ ਇਕ-ਇਕ ਵਿਕਟ ਲਈ।

ਟੀਮਾਂ :
ਭਾਰਤ:
ਰੋਹਿਤ ਸ਼ਰਮਾ, ਕੇ.ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੈ ਸ਼ੰਕਰ, ਮਹਿੰਦਰ ਸਿੰਘ ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।
ਵੈਸਟਇੰਡੀਜ਼ : ਕ੍ਰਿਸ ਗੇਲ, ਸੁਨੀਲ ਐਂਬਰਿਸ, ਸ਼ਾਈ ਹੋਪ, ਨਿਕੋਲਸ ਪੂਰਨ, ਸ਼ਿਮਰੋਨ ਹੈਟਮਾਇਰ, ਜੇਸਨ ਹੋਲਡਰ, ਕਾਰਲੋਸ ਬ੍ਰੈਥਵੇਟ, ਫੈਬਿਅਨ ਐਲਨ, ਸ਼ੇਲਡਨ ਕੋਟਰੇਲ, ਕੇਮਰ ਰੋਚ, ਓਸ਼ੇਨ ਥਾਮਸ।