ਸੁਲਤਾਨਪੁਰ ਲੋਧੀ ( ਬਿਊਰੋ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 550ਵੇਂ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਪਹੁੰਚੇ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਹਰ 100 ਸਾਲ ਜਾਂ 50 ਸਾਲ ਬਾਅਦ ਸ਼ਤਾਬਦੀ ਮਨਾਉਣ ਦੀ ਇਕ ਪ੍ਰਰੰਪਰਾ ਹੈ। ਗੁਰੂ ਖਾਲਸਾ ਪੰਥ ਪਿਛਲੇ ਕਾਫੀ ਸਾਲਾ ਤੋਂ ਬਹੁਤ ਸਾਰਿਆਂ ਸ਼ਤਾਬਦੀਆਂ ਮਨਾ ਚੁੱਕਾ ਹੈ। ਸ਼ਤਾਬਦੀ ਮਨਾਉਣ ਦੇ 2 ਢੰਗ ਹਨ। ਇਕ ਪ੍ਰਰਾਗਤ ਢੰਗ, ਜਿਸ 'ਚ ਕਈ ਸ਼ਤਾਬਦੀਆਂ ਮਨਾਈਆਂ ਗਈਆਂ ਅਤੇ ਹੁਣ ਵੀ ਮਨਾ ਰਹੇ ਹਾਂ। ਇਸ 'ਚ ਨਗਰ ਕੀਰਤਨ ਕੱਢੇ ਜਾਂਦੇ ਹਨ, ਦੀਵਾਨ ਲਾਏ ਜਾਂਦੇ ਹਨ, ਧਾਰਮਿਕ ਸਮਾਗਮ ਅਤੇ ਅੰਮ੍ਰਿਤ ਸੰਚਾਰ ਹੁੰਦਾ ਹੈ। ਦੂਜੇ ਢੰਗ ਰਾਹੀਂ ਇਨ੍ਹਾਂ ਸ਼ਤਾਬਦੀਆਂ 'ਚ ਸੰਸਥਾਵਾਂ ਦਾ ਨਿਰਮਾਣ ਹੁੰਦਾ ਹੈ, ਪੁਰਾਣੀਆਂ ਚੱਲ ਰਹੀਆਂ ਸੰਸਥਾਵਾਂ ਨੂੰ ਹੁਲਾਰਾ ਦੇਣ ਦਾ ਯਤਨ ਹੁੰਦਾ ਹੈ।  

ਸ਼ਤਾਬਦੀ ਸਮਾਗਮਾਂ 'ਤੇ ਖਰਚੇ ਗਏ ਕਰੋੜਾਂ ਰੁਪਏ 'ਤੇ ਉਨ੍ਹਾਂ ਕਿਹਾ ਕਿ ਜਦੋਂ ਸਮਾਗਮ ਹੁੰਦੇ ਹਨ, ਉਸ ਸਮੇਂ ਪੈਸੇ ਤਾਂ ਖਰਚ ਹੋਣੇਗੇ ਹੀ ਅਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੈਸਾ ਖਰਚ ਨਾ ਹੋਵੇ। ਸਮਾਗਮ ਦੌਰਾਨ ਲੰਗਰ ਲਗਾਏ ਜਾਂਦੇ, ਜਿਸ 'ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ ਅਤੇ ਬਹੁਤ ਸਾਰਾ ਰਾਸ਼ਨ ਮੰਗਵਾਇਆ ਜਾਂਦਾ ਹੈ। ਸਮਾਗਮਾਂ ਦੌਰਾਨ ਕੀਤੀ ਜਾਣ ਵਾਲੀ ਰੌਸ਼ਨੀ 'ਤੇ ਵੀ ਬਹੁਤ ਸਾਰਾ ਖਰਚ ਹੁੰਦਾ ਹੈ। ਦੇਸ਼ 'ਚ ਰਹਿਣ ਵਾਲੇ ਲੋਕ ਆਪੋ-ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਕਿਸੇ ਨਾ ਕਿਸੇ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਇੰਤਜਾਮ ਜ਼ਰੂਰ ਕਰਦੇ ਹਨ, ਜਿਸ 'ਤੇ ਵੀ ਖਰਚ ਆਉਂਦਾ ਹੈ। ਸੋ ਇਸੇ ਤਰ੍ਹਾਂ ਇਹ ਸਾਡੇ ਸਿੱਖ ਧਰਮ ਦੇ ਮੋਢੀ ਅਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ, ਜਿਸ ਨੂੰ ਪੂਰੇ ਹੁਲਾਸ ਨਾਲ ਮਨਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਇਸ ਵਾਰ ਜਦੋਂ ਤੋਂ ਸ਼ਤਾਬਦੀ ਮਨਾਉਣ ਦਾ ਐਲਾਨ ਕੀਤਾ ਗਿਆ, ਉਦੋਂ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਲੋਕਾਂ ਦੇ ਘਰਾਂ-ਘਰਾਂ ਤੱਕ ਪਹੁੰਚਾਈਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਿੱਖ ਆਪ ਆਪਣੇ ਘਰ ਅਤੇ ਬੱਚੇ-ਬੱਚੇ 'ਚ ਪਹੁੰਚਾਵੇ। ਇਸ ਫਲਸਫੇ ਨੂੰ ਗੈਰ ਸਿੱਖਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਯਤਨ ਵੀ ਸਾਨੂੰ ਹੀ ਕਰਨਾ ਚਾਹੀਦਾ ਹੈ। ਕਰਤਾਰਪੁਰ ਲਾਂਘੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਦੀ ਜੋ ਉਨ੍ਹਾਂ ਨੂੰ ਖੁਸ਼ੀ ਹੈ, ਉਹ ਲਫ਼ਜ਼ਾਂ 'ਚ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ। ਪਾਕਿਸਤਾਨੀ ਸਿੱਖਾਂ ਨੇ ਉਥੇ ਜਾ ਕੇ ਉਨ੍ਹਾਂ ਨੂੰ ਜੋ ਪਿਆਰ ਦਿੱਤਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।