ਗੁਰਦਾਸਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹੇ ਗਏ ਕਰਤਾਰਪੁਰ ਕੋਰੀਡੋਰ ਦੇ ਰਸਤੇ ਰੋਜ਼ਾਨਾਂ 5 ਹਜ਼ਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾ ਸਕਦੇ ਹਨ ਪਰ ਚਾਰ ਦਿਨ ਕੇਵਲ 1463 ਸ਼ਰਧਾਲੂ ਹੀ ਗਏ ਹਨ। ਜਾਣਕਾਰੀ ਮੁਤਾਬਕ ਪਹਿਲੇ ਦਿਨ 562, ਦੂਜੇ ਦਿਨ 239, ਤੀਜੇ ਦਿਨ 130 ਜਦਕਿ ਚੌਥੇ ਦਿਨ 532 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ। ਹਾਲਾਂਕਿ ਪਹਿਲਾਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਕੋਰੀਡੋਰ ਦੇ ਰਸਤੇ ਜਾਣਗੇ, ਫਿਲਹਾਲ ਉਸ ਤਰ੍ਹਾਂ ਦਾ ਉਤਸ਼ਾਹ ਹੀਂ ਦਿਖਾਈ ਦੇ ਰਿਹਾ। ਜੋ ਸ਼ਰਧਾਲੂ ਪਹੁੰਚ ਰਹੇ ਹਨ ਉਨ੍ਹਾਂ 'ਚੋਂ ਵੀ ਬਹੁਤ ਸਾਰੇ ਨਹੀਂ ਜਾ ਪਾ ਰਹੇ। ਇਸ ਦੇ ਕਈ ਕਾਰਨ ਹਨ। ਬਹੁਤ ਸਾਰੇ ਸ਼ਰਧਾਲੂ ਬਿਨ੍ਹਾਂ ਰਜਿਸਟ੍ਰੇਸ਼ਨ ਕਰਵਾਏ ਹੀ ਇੰਟੀਗ੍ਰੇਟੇਡ ਚੈੱਕ ਪੋਸਟ ਪਹੁੰਚ ਰਹੇ ਹਨ। ਕੁਝ ਤਾਂ ਸਿਰਫ ਆਧਾਰ ਕਾਰਡ ਲੈ ਕੇ ਹੀ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਵਾਪਸ ਭੇਜਿਆ ਜਾ ਰਿਹਾ ਹੈ।

ਪ੍ਰਕਾਸ਼ ਪੁਰਬ ਮੌਕੇ ਮੰਗਵਾਰ ਨੂੰ ਹਰਿਆਣਾ, ਜੰਮੂ-ਕਸ਼ਮੀਰ ਆਦਿ ਰਾਜਾਂ 'ਚੋਂ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਡੇਰਾ ਬਾਬਾ ਨਾਨਕ ਪਹੁੰਚੇ। ਇਨ੍ਹਾਂ 'ਚੋਂ ਕਈ ਸਿਰਫ ਆਧਾਰ ਕਾਰਡ ਲੈ ਕੇ ਆਏ ਸਨ। ਬੀ.ਐੱਸ.ਐੱਫ. ਨੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਅਤੇ ਸਰਹੱਦ 'ਤੇ ਦੂਰ ਤੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ।