ਜਲੰਧਰ/ਸ੍ਰੀ ਮੁਕਤਸਰ ਸਾਹਿਬ (ਜਸਬੀਰ ਵਾਟਾਂਵਾਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਪੂਰਬ ਨੂੰ ਸਮਰਪਿਤ ਪਹਿਲਾ ਵਿਸ਼ਾਲ ਨਗਰ ਕੀਰਤਨ 22 ਫਰਵਰੀ 2020 ਕਰਤਾਰਪੁਰ ਕਾਰੀਡੋਰ ਰਾਹੀਂ ਭਾਰਤ ਤੋਂ ਪਾਕਿ ਜਾ ਰਿਹਾ ਹੈ। ਨਿਰੋਲ ਸੇਵਾ ਸੰਸਥਾ ਧੂਰਕੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਲੋਂ ਕੱਢਿਆ ਜਾ ਰਿਹਾ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਵੇਗਾ। ਇਸ ਵਿਸ਼ਾਲ ਨਗਰ ਕੀਰਤਨ ਚੜ੍ਹਦੇ ਪੰਜਾਬ ਦੇ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਗੁਰਦੁਆਰਾ ਸਾਹਿਬ ਪੱਟੀ, ਗੁਰਦੁਆਰਾ ਜਾਮਨੀ ਸਾਹਿਬ, ਗੁਰਦੁਆਰਾ ਪਾਤਸ਼ਾਹੀ ਦਸਵੀਂ ਢਿੱਲਵਾਂ, ਗੁਰਦੁਆਰਾ ਸਾਹਿਬ ਕੋਟਭਾਈ, ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਾਭਾ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਅਤੇ ਹੋਰ ਵੀ ਧਾਰਮਿਕ ਸਥਾਨਾਂ ਤੋਂ ਹੁੰਦਾ ਹੋਇਆ 7 ਮਾਰਚ 2020 ਨੂੰ ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ।

‘ਜਗਬਾਣੀ’ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡਾ. ਜਗਦੀਪ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਕੱਢੇ ਜਾ ਰਹੇ ਇਸ ਨਗਰ ਕੀਰਤਨ ਦਾ ਮੁੱਖ ਮਕਸਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪਸਾਰ ਕਰਨਾ ਹੈ। ਇਸ ਮੌਕੇ ਕੀਰਤਨੀਏ ਜਥੇ, ਬੈਂਡ-ਵਾਜੇ, ਗੁਰੂ ਦੀਆਂ ਲਾਡਲੀਆਂ ਫੌਜਾਂ ਅਤੇ ਹੋਰ ਸਮੂਹ ਸੰਗਤਾਂ ਵੱਡੀ ਗਿਣਤੀ ’ਚ ਸ਼ਾਮਲ ਹੋਣਗੀਆਂ । 

PunjabKesari

ਗੁਰਦੁਆਰਾ ਸਾਹਿਬ ਦੇ ਮਾਡਲ ਰਹਿਣਗੇ ਖਿੱਚ ਦਾ ਕੇਂਦਰ
ਕੱਢੇ ਜਾ ਰਹੇ ਇਸ ਨਗਰ ਕੀਰਤਨ ਵਿਚ ਸ੍ਰੀ ਨਨਕਾਣਾ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵੱਡੇ-ਵੱਡੇ ਮਾਡਲ ਬਣਾਏ ਗਏ ਹਨ, ਜੋ ਸੰਗਤ ਲਈ ਖਿੱਚ ਦਾ ਕੇਂਦਰ ਹੋਣਗੇ। ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਵਿਸ਼ਵ ਦਾ ਸਭ ਤੋਂ ਵੱਡਾ ਮਾਡਲ ਹੈ, ਜਿਸ ਦੀ ਲਬਾਈ 30 ਫੁੱਟ ਦੇ ਕਰੀਬ ਦੀ ਹੈ। ਗੁਰਦੁਆਰਾ ਸਾਹਿਬ ਦੇ ਇਹ ਸਾਰੇ ਮਾਡਲ ਨਗਰ ਕੀਰਤਨ ਦੀ ਸ਼ੋਭਾ ਵੀ ਵਧਾਉਣਗੇ। ਇਸ ਨਗਰ ਕੀਰਤਨ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਸਬੰਧਿਤ ਧਾਰਮਿਕ ਲਿਟੇਚਰ ਦੀ ਵੀ ਵੰਡ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਪ੍ਰਸਿੱਧ ਪੱਤਰਕਾਰ ਰਮਨ ਕੁਮਾਰ ਦੀ ਆਵਾਜ਼ ’ਚ ਸੰਗਤ ਤੱਕ ਸੁਚੱਜੇ ਢੰਗ ਨਾਲ ਪੁੱਜਦਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਨਗਰ ਕੀਰਤਨ ’ਚ ਸ਼ਾਮਲ ਹਾਥੀ-ਘੋੜੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। 

PunjabKesari

ਸੰਗਤ ਨੂੰ ਰਜਿਸਟ੍ਰੇਸ਼ਨ ਦੀ ਅਪੀਲ
ਨਿਰੋਲ ਸੇਵਾ ਸੰਸਥਾ ਧੂਰਕੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਲੋਂ ਇਸ ਨਗਰ ਕੀਰਤਨ ’ਚ ਸ਼ਾਮਲ ਹੋਣ ਦੀ ਚਾਹਵਾਨ ਸਮੂਹ ਸੰਗਤ ਨੂੰ ਰਜਿਸਟੇ੍ਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਬੰਧਕਾਂ ਨੇ  ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ 15 ਫਰਵਰੀ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਲਈ ਤੁਸੀਂ https://prakashpurb550.mha.gov.in/ ਵੈੱਬ ਸਾਈਟ ’ਤੇ ਜਾ ਸਕਦੇ ਹੋ ਜਾਂ ਇਸ ਲਿੰਕ ਨੂੰ ਕਲਿੱਕ ਕਰ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

PunjabKesari