ਨਵੀਂ ਦਿੱਲੀ (ਯੂ. ਐੱਨ. ਆਈ.)-ਕੋਰੋਨਾ ਵਾਰਿਸ 'ਕੋਵਿਡ-19' ਦੇ ਮੱਦੇਨਜ਼ਰ ਜਾਰੀ ਲਾਕਡਾਊਨ ਤੇ ਅਸਥਾਈ ਤੌਰ 'ਤੇ ਦੇਸ਼ ਵਿਚ ਸਾਰੀਆਂ ਨਿਯਮਤ ਯਾਤਰੀ ਉਡਾਣਾਂ 'ਤੇ ਪਾਬੰਦੀ ਵਿਚਾਲੇ ਜਹਾਜ਼ ਸੇਵਾ ਕੰਪਨੀਆਂ ਲੋਕਾਂ ਨੂੰ ਕਿਰਾਏ ਦੇ ਪੈਸੇ ਵਾਪਸ ਨਹੀਂ ਕਰ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯਾਤਰੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਅੱਜ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਨੇ 30 ਅਪ੍ਰੈਲ ਤਕ ਦੀ ਯਾਤਰਾ ਲਈ ਟਿਕਟ ਬੁੱਕ ਕਰਵਾਈ ਹੈ, ਟਿਕਟ ਰੱਦ ਕਰਵਾਉਣ 'ਤੇ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦੀ ਬਜਾਏ 'ਰਿਜ਼ਰਵੇਸ਼ਨ ਕ੍ਰੈਡਿਟ' ਦਿੱਤਾ ਜਾਵੇਗਾ। ਯਾਤਰੀ  'ਰਿਜ਼ਰਵੇਸ਼ਨ ਕ੍ਰੈਡਿਟ' ਦਾ ਇਸਤੇਮਾਲ ਉਸੇ ਨਾਂ ਨਾਲ 30 ਸਤੰਬਰ ਤਕ ਟਿਕਟ ਬੁੱਕ ਕਰਵਾਉਣ ਲਈ ਕਰ ਸਕਣਗੇ। ਯਾਤਰੀ 30 ਸਤੰਬਰ ਤਕ ਦੀ ਯਾਤਰਾ ਲਈ ਬੁੱਕ ਕਰਵਾਈ ਟਿਕਟ ਦੀ ਮਿਤੀ ਵਿਚ ਬਦਲਾਅ ਵੀ ਕਰਵਾ ਸਕਦੇ ਹਨ। ਇਸ ਲਈ ਕੋਈ ਵਾਧੂ ਟੈਕਸ ਨਹੀਂ ਲਿਆ ਜਾਵੇਗਾ।