ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਵਲੋਂ ਦਿੱਤੀ ਗਈ ਚਿਤਾਵਨੀ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਣ 2.5 ਕਰੋੜ ਲੋਕ ਬੇਰੋਜ਼ਗਾਰ ਹੋ ਜਾਣਗੇ। ਇਸ ਨਾਲ ਕੌਮਾਂਤਰੀ ਵਿਵਸਥਾ ਨੂੰ 3.6 ਲੱਖ ਕਰੋੜ ਡਾਲਰ ਦਾ ਝਟਕਾ ਲੱਗੇਗਾ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਨਾਲ ਆਰਥਿਕ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ। ਭਾਰਤ ਵਿਚ ਆਟੋਮੋਬਾਇਲ, ਰੀਅਲ ਅਸਟੇਟ, ਹਵਾਬਾਜ਼ੀ, ਸਿਨੇਮਾ ਤੇ ਮਨੋਰੰਜਨ, ਟੂਰਿਜ਼ਮ ਸਮੇਤ ਕਈ ਸੈਕਟਰਾਂ 'ਤੇ ਕੋਰੋਨਾ ਵਾਇਰਸ ਦਾ ਉਲਟ ਅਸਰ ਪਿਆ ਹੈ। ਇਸ ਨਾਲ ਇਨ੍ਹਾਂ ਸੈਕਟਰਾਂ ਵਿਚ ਕੰਮ ਕਰਨ ਵਾਲੇ ਲੱਖਾਂ ਲੋਕਾਂ ਦੀਆਂ ਨੌਕਰੀਆਂ 'ਤੇ ਵੀ ਸੰਕਟ ਦਾ ਬੱਦਲ ਮੰਡਰਾ ਰਿਹਾ ਹੈ। ਚੀਨ ਵਿਚ ਜਨਵਰੀ-ਫਰਵਰੀ ਮਹੀਨੇ ਵਿਚ 50 ਲੱਖ ਲੋਕਾਂ ਨੇ ਕੋਰੋਨਾ ਦੇ ਆਰਥਿਕ ਮਾੜੇ ਪ੍ਰਭਾਵ ਕਾਰਣ ਨੌਕਰੀਆਂ ਗੁਆ ਦਿੱਤੀਆਂ ਹਨ।

ਕੋਰੋਨਾ ਦਾ ਸਭ ਤੋਂ ਵੱਧ ਨਾਂ-ਪੱਖੀ ਅਸਰ ਸਰਵਿਸ ਸੈਕਟਰ ਤੇ ਦਿਹਾੜੀ ਮਜ਼ਦੂਰਾਂ 'ਤੇ
PunjabKesari
ਭਾਰਤ ਵਿਚ ਸਭ ਤੋਂ ਜ਼ਿਆਦਾ ਖਤਰਾ ਸਵੈ-ਰੋਜ਼ਗਾਰ, ਠੇਕੇ 'ਤੇ ਕੰਮ ਕਰਨ ਵਾਲਿਆਂ ਤੇ ਦਿਹਾੜੀ ਮਜ਼ਦੂਰਾਂ ਨੂੰ ਹੈ। ਭਾਰਤ ਵਿਚ ਸਭ ਤੋਂ ਵੱਧ ਅਸਰ ਰੈਸਟੋਰੈਂਟਾਂ, ਰੀਅਲ ਅਸਟੇਟ, ਹਵਾਬਾਜ਼ੀ, ਸਿਨੇਮਾ ਤੇ ਮਨੋਰੰਜਨ, ਟੂਰਿਜ਼ਮ, ਡਰਾਈਵਿੰਗ ਆਦਿ 'ਤੇ ਪੈ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ  ਦੇਸ਼ ਦੇ 40 ਲੱਖ ਤੋਂ ਵੱਧ ਅਸਥਾਈ ਕਰਮਚਾਰੀਆਂ 'ਤੇ ਅਗਲੀਆਂ 3 ਤਿਮਾਹੀਆਂ ਸਭ ਤੋਂ ਵੱਧ ਭਾਰੀ ਪੈਣ ਵਾਲੀਆਂ ਹਨ। ਐਸੋਚੈਮ ਤੇ ਗਲੋਬਲ ਹੰਟ ਇੰਡੀਆ ਦਾ ਮੰਨਣਾ ਹੈ ਕਿ ਕੋਰੋਨਾ ਦਾ ਸਭ ਤੋਂ ਵੱਧ ਨਾਂ-ਪੱਖੀ ਅਸਰ ਸਰਵਿਸ ਸੈਕਟਰ ਤੇ ਖਾਸ ਤੌਰ 'ਤੇ ਦਿਹਾੜੀ ਮਜ਼ਦੂਰਾਂ 'ਤੇ ਪੈ ਰਿਹਾ ਹੈ। ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਸੰਗਠਤ ਖੇਤਰਾਂ ਦੀ ਹਾਈਰਿੰਗ ਵਿਚ ਵੀ 15 ਤੋਂ 20 ਫੀਸਦੀ ਦੀ ਗਿਰਾਵਟ ਆ ਸਕਦੀ ਹੈ।

ਇਲੈਕਟ੍ਰਾਨਿਕ ਮਾਰਕੀਟ ਦੀ ਹਾਲਤ ਹੋ ਸਕਦੀ ਹੈ ਖਰਾਬ
PunjabKesari
ਭਾਰਤ ਵਿਚ ਕਈ ਉਦਯੋਗਾਂ ਲਈ ਸਪਲਾਈ ਸੰਕਟ ਵਿਚਾਲੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਬੇਰੋਜ਼ਗਾਰੀ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਚਾਈਨੀਜ਼ ਕੰਪੋਨੈਂਟ 'ਤੇ ਨਿਰਭਰ ਮੋਬਾਇਲ, ਇਲੈਕਟ੍ਰਾਨਿਕਸ, ਹੋਮ ਅਪਲਾਇੰਸਿਜ਼, ਆਟੋਮਬਾਇਲ ਵਰਗੇ ਸੈਕਟਰਾਂ ਵਿਚ ਤੇਜ਼ੀ ਨਾਲ ਸਟਾਕ ਖਤਮ ਹੋ ਰਿਹਾ ਹੈ ਅਤੇ ਇੰਡਸਟਰੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ 1-2 ਮਹੀਨੇ ਇਸੇ ਤਰ੍ਹਾਂ ਹੀ ਰਹੇ ਤਾਂ ਮੈਨੂਫੈਕਚਰਿੰਗ ਤੋਂ ਲੈ ਕੇ ਰਿਟੇਲਰਸ ਤਕ ਕਈ ਪੱਧਰਾਂ 'ਤੇ ਕੰਮ ਬੰਦ ਹੋਵੇਗਾ। ਇਸ ਨਾਲ ਬੇਰੋਜ਼ਗਾਰੀ ਵਧ ਸਕਦੀ ਹੈ। ਆਲ ਇੰਡੀਆ ਮੋਬਾਇਲ ਰਿਟੇਲਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਅਰਵਿੰਦ ਖੁਰਾਣਾ ਅਨੁਸਾਰ ਜੇਕਰ 15-20 ਦਿਨ ਤਕ ਸਪਲਾਈ ਆਮ ਨਾ ਹੋਈ ਤਾਂ ਪ੍ਰੇਸ਼ਾਨੀ ਹੋ ਸਕਦੀ ਹੈ। ਪੂਰੀ ਸਪਲਾਈ ਚੇਨ ਵਿਚ ਵਰਕ ਫੋਰਸ ਵਿਚ ਕਟੌਤੀ ਵੀ ਹੋ ਸਕਦੀ ਹੈ। 1-2 ਹਫਤੇ ਵਿਚ ਸੁਧਾਰ ਨਾ ਹੋਇਆ ਤਾਂ ਹਾਲਾਤ ਚਿੰਤਾਜਨਕ ਹੋ ਸਕਦੇ ਹਨ।