ਜਲੰਧਰ (ਧਵਨ)– ਕੋਰੋਨਾ ਵਾਇਰਸ ਦੇ ਦੇਸ਼ ’ਚ ਫੈਲੇ ਕਹਿਰ ਕਾਰਣ ਪੰਜਾਬ ਦੇ ਲੋਕਾਂ ਲਈ ਸਰਕਾਰ ਵਲੋਂ ਬਣਾਈ ‘ਕੋਵਾ’ ਐਪ ਕਾਫੀ ਮਦਦਗਾਰ ਸਿੱਧ ਹੋ ਰਹੀ ਹੈ ਕਿਉਂਕਿ ਇਸ ਨਾਲ ਜਿਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਅਤੇ ਪਾਜ਼ੇਟਿਵ ਵਿਅਕਤੀ ਤੋਂ ਦੂਰ ਬਣਾਈ ਰੱਖਣ ’ਚ ਮਦਦ ਮਿਲਦੀ ਹੈ। ਉਥੇ ਦੂਜੇ ਪਾਸੇ ਇਸ ਤੋਂ ਜ਼ਿਲਾ ਪ੍ਰਸ਼ਾਸਨ ਨੂੰ ਅਲਰਟ ਵੀ ਮਿਲੇਗਾ ਜੇਕਰ ਕੁਆਰੰਟਾਈਨ ਕੀਤਾ ਗਿਆ ਰੋਗੀ ਜਾਂ ਸ਼ੱਕੀ ਵਿਅਕਤੀ ਆਪਣੇ ਸਥਾਨ ਤੋਂ 100 ਮੀਟਰ ਦਾ ਘੇਰਾ ਪਾਰ ਕਰ ਕੇ ਜਾਂਦਾ ਹੈ। ‘ਕੋਵਾ’ ਐਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨਾਲ ਅਧਿਕਾਰੀ ਕੁਆਰੰਟਾਈਨ ਦੀਆਂ ਸੀਮਾਵਾਂ ਨੂੰ ਲਾਗੂ ਕਰਨ ’ਚ ਸਫਲ ਹੋਣਗੇ ਅਤੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਸਵੈਚਾਲਕ ਪ੍ਰਣਾਲੀ ਨਾਲ ਆਪਣੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਸੁਰੱਖਿਅਤ ਰੱਖਣ ’ਚ ਮਦਦ ਮਿਲੇਗੀ। ਕੋਰੋਨਾ ਦੇ ਪਾਜ਼ੇਟਿਵ ਰੋਗੀਆਂ ਬਾਰੇ ਐਪ ਤੋਂ ਮਦਦ ਮਿਲੇਗੀ। ਨਾਲ ਹੀ ਜ਼ਿਲਾ ਪ੍ਰਸ਼ਾਸਨ ਨੂੰ ਪਤਾ ਲੱਗੇਗਾ ਕਿ ਪਾਜ਼ੇਟਿਵ ਰੋਗੀ ਪਿਛਲੇ ਕੁਝ ਦਿਨਾਂ ’ਚ ਕਿਹੜੇ-ਕਿਹੜੇ ਥਾਵਾਂ ’ਤੇ ਗਿਆ ਸੀ ਅਤੇ ਕਿਹੜੇ-ਕਿਹੜੇ ਲੋਕਾਂ ਨੂੰ ਮਿਲਿਆ ਸੀ। ‘ਕੋਵਾ’ ਐਪ ਨੂੰ ਮੋਬਾਇਲ ’ਤੇ ਡਾਊਨਲੋਡ ਕਰਨ ਤੋਂ ਬਾਅਦ ਜੇਕਰ ਬਲਿਊ ਟੁੱਥ ਸਵਿੱਚ ਆਨ ਰਹਿੰਦਾ ਹੈ ਤਾਂ ਇਸ ਤੋਂ ਐਪ ਨਾਲ ਵਿਅਕਤੀ ਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਤੁਹਾਡੇ ਆਸ-ਪਾਸ ਕੋਈ ਕੋਰੋਨਾ ਪਾਜ਼ੇਟਿਵ ਵਿਅਕਤੀ ਤਾਂ ਨਹੀਂ ਘੁੰਮ ਰਿਹਾ। ਇਸ ਨਾਲ ਸਿਹਤ ਵਿਭਾਗ ਨੂੰ ਵੀ ਮਦਦ ਮਿਲੇਗੀ ਕਿ ਉਹ ਪਾਜ਼ੇਟਿਵ ਰੋਗੀ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦਾ ਪਤਾ ਲਾ ਸਕੇ।