ਚੰਡੀਗੜ੍ਹ (ਭਗਵਤ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਸਵੇਰੇ ਸ਼ਹਿਰ 'ਚ ਕੋਰੋਨਾ ਦੇ 2 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਪਹਿਲਾ 35 ਸਾਲਾ ਵਿਅਕਤੀ, ਬਾਪੂਧਾਮ ਕਾਲੋਨੀ ਦਾ ਹੈ, ਜਦੋਂ ਕਿ ਦੂਜਾ ਸੈਕਟਰ-30 ਦੀ 80 ਸਾਲਾ ਬਜ਼ੁਰਗ ਬੀਬੀ ਹੈ। ਇਸ ਬਜ਼ੁਰਗ ਬੀਬੀ ਦੀ ਬੀਤੇ ਦਿਨ ਮੌਤ ਹੋ ਗਈ ਸੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਚੰਡੀਗੜ੍ਹ 'ਚ ਕੋਰੋਨਾ ਕਾਰਨ ਹੋਈ ਇਹ 5ਵੀਂ ਮੌਤ ਹੈ। ਸ਼ਹਿਰ 'ਚ ਹੁਣ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 299 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 81 ਐਕਟਿਵ ਕੇਸ ਹਨ। ਦੱਸਣਯੋਗ ਹੈ ਕਿ ਸੈਕਟਰ-30 ਤੋਂ ਕਾਫੀ ਸਮੇਂ ਤੱਕ ਕੋਈ ਕੋਰੋਨਾ ਦਾ ਕੇਸ ਨਹੀਂ ਆਇਆ ਸੀ ਪਰ ਹੁਣ ਇੱਥੇ ਨਵਾਂ ਕੇਸ ਸਾਹਮਣੇ ਆਉਣ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੈਕਟਰ-30 ਕੰਟੇਨਮੈਂਟ ਜ਼ੋਨ ਨੂੰ ਖੋਲ੍ਹਿਆ ਵੀ ਜਾਵੇਗਾ ਜਾਂ ਨਹੀਂ।
ਚੰਡੀਗੜ੍ਹ 'ਚ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਚੰਡੀਗੜ੍ਹ ਪ੍ਰਸ਼ਾਸਨ ਨੇ ਅਨਲਾਕ-1 ਸਬੰਧੀ ਸੋਮਵਾਰ ਨੂੰ ਵਾਰ ਰੂਮ ਮੀਟਿੰਗ ’ਚ ਕਈ ਨਵੀਆਂ ਹਦਾਇਤਾਂ ਦਿੱਤੀਆਂ ਹਨ। ਹੁਣ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 10 ਤੋਂ ਰਾਤ 8 ਵਜੇ ਤੱਕ ਤੈਅ ਕਰ ਦਿੱਤਾ ਗਿਆ ਹੈ। ਜ਼ਰੂਰੀ ਸਾਮਾਨ ਜਿਵੇਂ ਦੁੱਧ, ਬ੍ਰੈੱਡ, ਦਵਾਈਆਂ, ਫਲ ਅਤੇ ਸਬਜ਼ੀ ਆਦਿ ਦੀਆਂ ਦੁਕਾਨ ’ਤੇ ਇਹ ਸਮਾਂ ਅਤੇ ਹੁਕਮ ਲਾਗੂ ਨਹੀਂ ਹੋਣਗੇ। ਦੁਕਾਨਾਂ ਦੇ ਵੀਕਲੀ ਕਲੋਜ਼ਰ ਲਈ ਤਾਲਾਬੰਦੀ ਤੋਂ ਪਹਿਲਾਂ ਦੇ ਦਿਸ਼ਾ-ਨਿਰਦੇਸ਼ ਹੀ ਜਾਰੀ ਰਹਿਣਗੇ। ਪ੍ਰਸ਼ਾਸਨ ਨੇ ਜਿਨ੍ਹਾਂ ਬਾਜ਼ਾਰਾਂ ’ਤੇ 18 ਮਈ ਨੂੰ ਓਡ-ਈਵਨ ਦਾ ਪਹਿਲਾ ਹੁਕਮ ਜਾਰੀ ਕੀਤਾ ਹੈ, ਉਹ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹੇਗਾ। ਸਟ੍ਰੀਟ ਵੈਂਡਰਾਂ ’ਤੇ ਵੀ ਓਡ-ਈਵਨ ਦੇ ਹੁਕਮ ਜਾਰੀ ਰਹਿਣਗੇ।