ਵਾਸ਼ਿੰਗਟਨ (ਬਿਊਰੋ): ਅਫਰੀਕੀ ਮੂਲ ਦੇ ਅਮਰੀਕੀ ਨਾਗਿਰਕ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਮੌਤ ਸਬੰਧੀ ਚੱਲ ਰਿਹਾ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਸਕ ਪ੍ਰਦਰਸ਼ਨ ਨਾ ਰੁੱਕਣ 'ਤੇ ਫੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੀ ਸੁਰੱਖਿਆ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਹਾਂ।

PunjabKesari

ਰਾਸ਼ਟਰਪਤੀ ਟਰੰਪ ਨੇ ਕਿਹਾ,''ਜੌਰਜ ਫਲਾਈਡ ਦਾ ਬੇਰਹਿਮੀ ਨਾਲ ਕਤਲ ਹੋਣ ਨਾਲ ਸਾਰੇ ਅਮਰੀਕੀ ਦੁਖੀ ਹਨ ਅਤੇ ਉਹਨਾਂ ਦੇ ਮਨ ਵਿਚ ਗੁੱਸਾ ਹੈ। ਜੌਰਜ ਅਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਿਚ ਅਸੀਂ ਕੋਈ ਕਮੀ ਨਹੀਂ ਛੱਡਾਂਗੇ। ਮੇਰੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪੂਰਾ ਨਿਆਂ ਮਿਲੇਗਾ।'' ਉਹਨਾਂ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਦੇ ਤੌਰ 'ਤੇ ਮੇਰਾ ਪਹਿਲਾ ਸਭ ਤੋਂ ਵੱਡਾ ਫਰਜ਼ ਇਹੀ ਹੈ ਕਿ ਦੇਸ਼ ਨੂੰ ਅਤੇ ਅਮਰੀਕੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਾਂ। ਮੈਂ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਨਾਰਾਜ਼ ਭੀੜ ਵਿਚ ਬਦਲਣ ਦੀ ਇਜਾਜ਼ਤ ਨਹੀਂ ਦੇ ਸਕਦਾ ਹਾਂ।

PunjabKesari

ਟਰੰਪ ਨੇ ਕਿਹਾ ਕਿ ਮੈਂ ਹਜ਼ਾਰਾਂ ਫੌਜੀਆਂ, ਮਿਲਟਰੀ ਕਾਮਿਆਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਦੰਗੇ ਅਤੇ ਜਾਇਦਾਦ ਦੀ ਤਬਾਹੀ ਰੋਕਣ ਲਈ ਭੇਜ ਰਿਹਾ ਹਾਂ। ਹਾਲਾਤ ਨੂੰ ਕਾਬੂ ਕਰਨ ਲਈ ਅਮਰੀਕਾ ਵਿਚ ਨੈਸ਼ਨਲ ਗਾਰਡ ਦੀ ਤਾਇਨਾਤੀ ਪਹਿਲਾਂ ਹੀ ਕਰ ਦਿੱਤੀ ਗਈ ਹੈ। ਅਮਰੀਕਾ ਦੇ ਇਕ ਡਾਕਟਰ ਨੇ ਜੌਰਡ ਫਲਾਈਡ ਦੀ ਮੌਤ ਨੂੰ ਸੋਮਵਾਰ ਨੂੰ ਕਤਲ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਸ ਵੱਲੋਂ ਉਸ ਨੂੰ ਬੰਨ੍ਹੇ ਰੱਖਣ ਅਤੇ ਗਲੇ 'ਤੇ ਦਬਾਅ ਦੇ ਕਾਰਨ ਉਸ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜੌਰਜ ਦੀ ਮੌਤ ਦੇ ਬਾਅਦ ਲੋਕ ਪੁਲਸ ਦੇ ਇਸ ਰੰਗਭੇਦੀ ਅੱਤਿਆਚਾਰ ਦੇ ਵਿਰੁੱਧ ਸੜਕਾਂ 'ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਰੀਬ 40 ਸ਼ਹਿਰਾਂ ਵਿਚ ਕਰਫ਼ਿਊ ਲਗਾਇਆ ਗਿਆ ਹੈ। ਜਦਕਿ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਦੇ ਬੰਕਰ ਵਿਚ ਸ਼ਰਨ ਲੈਣੀ ਪਈ। ਅਮਰੀਕਾ ਵਿਚ ਪਿਛਲੇ ਕਈ ਦਹਾਕਿਆਂ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਾਗਰਿਕ ਅਸ਼ਾਂਤੀ ਮੰਨੇ ਜਾ ਰਹੇ ਇਹ ਹਿੰਸਕ ਪ੍ਰਦਰਸ਼ਨ ਫਲਾਈਡ ਦੀ ਮੌਤ ਦੇ ਬਾਅਦ ਅਮਰੀਕਾ ਵਿਚ ਘੱਟੋ-ਘੱਟ 140 ਸ਼ਹਿਰਾਂ ਤੱਕ ਫੈਲ ਗਏ ਹਨ।