ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਢਾਈ ਮਹੀਨੇ ਦੇ ਬੱਚੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬੱਚਾ ਦਿਲ ਦੀ ਬੀਮਾਰੀ ਨਾਲ ਪੈਦਾ ਹੋਇਆ ਅਤੇ ਫਿਰ ਉਸ ਨੂੰ ਕੋਰੋਨਾ ਵਾਇਰਸ ਵੀ ਹੋ ਗਿਆ। ਬੱਚੇ ਦੇ ਮਾਂ-ਪਿਓ ਅਤੇ ਹੋਰ ਰਿਸ਼ਤੇਦਾਰਾਂ ਨੇ ਉਸ ਦੀ ਜਿਊਣ ਦੀ ਉਮੀਦ ਹੀ ਛੱਡ ਦਿੱਤੀ ਸੀ ਪਰ ਬੱਚੇ ਨੇ ਨਾ ਸਿਰਫ ਦਿਲ ਦੀ ਬੀਮਾਰੀ ਨੂੰ  ਸਗੋਂ ਕੋਰੋਨਾ ਨੂੰ ਵੀ ਹਰਾ ਦਿੱਤਾ। ਸੰਚਿਤ ਨਾਂ ਦੇ ਇਸ ਬੱਚੇ ਦਾ 7 ਮਾਰਚ ਨੂੰ ਜਨਮ ਹੋਇਆ ਸੀ। ਬੱਚੇ ਨੂੰ ਦਿਲ ਦੀ ਅਜਿਹੀ ਬੀਮਾਰੀ ਸੀ ਕਿ ਖੂਨ ਸਾਫ਼ ਨਹੀਂ ਹੁੰਦਾ ਸੀ ਸਰੀਰ ਨੂੰ ਜ਼ਰੂਰਤ ਭਰ ਦੀ ਆਕਸੀਜਨ ਵੀ ਨਹੀਂ ਮਿਲਦੀ ਸੀ। ਫਿਰ ਡਾਕਟਰਾਂ ਦੇ ਕਹਿਣ 'ਤੇ ਪਰਿਵਾਰ ਨੇ ਬੱਚੇ ਨੂੰ ਏਮਜ਼ ਵਿਚ ਦਾਖ਼ਲ ਕਰਵਾਇਆ । 

ਏਮਜ਼ ਆ ਕੇ ਵੀ ਉਸ ਦੀ ਹਾਲਤ 'ਚ ਸੁਧਾਰ ਨਹੀਂ ਸੀ ਹੋ ਰਿਹਾ। ਇਕ ਸਰਜਰੀ ਦੀ ਯੋਜਨਾ ਬਣਾਈ ਗਈ। ਉਸ ਸਮੇਂ ਤੱਕ ਭਾਰਤ ਵਿਚ ਕੋਰੋਨਾ ਲਾਗ ਦੇ ਮਾਮਲੇ ਆਉਣ ਲੱਗ ਪਏ ਸਨ। ਇਲਾਜ ਤੋਂ ਪਹਿਲਾਂ ਸਾਵਧਾਨੀ ਦੇ ਤੌਰ 'ਤੇ ਬੱਚੇ ਦੀ ਵੀ ਕੋਰੋਨਾ ਜਾਂਚ ਕੀਤੀ ਗਈ ਤਾਂ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਕੋਰੋਨਾ ਪਾਜ਼ੇਟਿਵ ਆਇਆ ਸੀ, ਫਿਰ ਮਾਂ-ਪਿਓ ਦੀ ਜਾਂਚ ਹੋਈ, ਉਨ੍ਹਾਂ ਨੂੰ ਵੀ ਕੋਰੋਨਾ ਨਿਕਲਿਆ। ਫਿਰ ਵੀ ਡਾਕਟਰਾਂ ਨੇ ਆਪਣੇ ਵਲੋਂ ਬੱਚੇ ਨੂੰ ਹਰਸੰਭਵ ਇਲਾਜ ਦਿੱਤਾ। 

ਡਾਕਟਰ ਏ. ਕੇ. ਬਿਸੋਈ ਮੁਤਾਬਕ 7 ਮਈ ਨੂੰ ਜਦੋਂ ਬੱਚਾ ਏਮਜ਼ ਲਿਆਂਦਾ ਗਿਆ ਸੀ, ਉਦੋਂ ਤੱਕ ਉਸ ਦਾ ਦਿਲ ਕਮਜ਼ੋਰ ਹੋ ਚੁੱਕਾ ਸੀ। 8 ਮਈ ਤੋਂ 18 ਮਈ ਤੱਕ ਬੱਚਾ ਆਈ. ਸੀ. ਯੂ. ਵਿਚ ਰਿਹਾ। 23 ਮਈ ਨੂੰ ਉਸ ਦੀ ਓਪਨ ਹਾਰਟ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਸ 'ਚ ਆਮ ਵਾਂਗ ਖੂਨ ਦਾ ਸਰਕੂਲੇਸ਼ਨ ਹੋਣ ਲੱਗ ਪਿਆ। ਫ਼ਿਲਹਾਲ ਬੱਚਾ ਠੀਕ ਹੈ ਅਤੇ ਕੁਝ ਦਿਨਾਂ 'ਚ ਉਸ ਨੂੰ ਛੁੱਟੀ ਮਿਲ ਸਕਦੀ ਹੈ। ਓਧਰ ਬੱਚੇ ਦੇ ਪਿਤਾ ਦੱਸਦੇ ਹਨ ਕਿ ਜਦੋਂ ਉਨ੍ਹਾਂ ਦਾ ਬੱਚਾ ਕੋਰੋਨਾ ਪਾਜ਼ੇਟਿਵ ਆਇਆ ਸੀ ਤਾਂ ਉਨ੍ਹਾਂ ਨੇ ਉਮੀਦ ਛੱਡ ਦਿੱਤੀ ਸੀ ਪਰ ਡਾਕਟਰਾਂ ਨੇ ਇਲਾਜ  ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਹਿੰਮਤ ਅਤੇ ਹੌਂਸਲੇ ਨੂੰ ਵਧਾਇਆ ਅਤੇ ਅਖੀਰ ਸਭ ਕੁਝ ਠੀਕ ਹੋ ਗਿਆ।