ਲੰਡਨ– ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਕੋਰੋਨਾ ਵਾਇਰਸ ਕਾਰਨ ਰੱਦ ਹੋਣ ਦਾ ਆਯੋਜਕਾਂ ਨੂੰ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ ਹੈ। ਆਲ ਇੰਗਲੈਂਡ ਕਲੱਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਲੂਈਸ ਨੇ ਕਿਹਾ ਕਿ ਵਿੰਬਲਡਨ ਨੂੰ ਰੱਦ ਕੀਤੇ ਜਾਣ ਦਾ ਬ੍ਰਿਟਿਸ਼ ਟੈਨਿਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਗ੍ਰਾਸ ਕੋਰਟ ਦੇ ਇਸ ਗ੍ਰੈਂਡ ਸਲੈਮ ਨੂੰ ਸੋਮਵਾਰ ਨੂੰ ਸ਼ੁਰੂ ਹੋਣਾ ਸੀ ਪਰ ਇਸ ਨੂੰ ਅਪ੍ਰੈਲ ਵਿਚ ਰੱਦ ਕਰ ਦਿੱਤਾ ਗਿਆ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿੰਬਲਡਨ ਰੱਦ ਕੀਤਾ ਗਿਆ ਹੈ। ਅਗਲੇ ਮਹੀਨੇ ਆਪਣਾ ਅਹੁਦਾ ਛੱਡਣ ਜਾ ਰਹੇ ਲੂਈਸ ਨੇ ਕਿਹਾ ਕਿ ਵਿੰਬਲਡਨ ਰੱਦ ਕਰਨ ਦਾ ਜ਼ਿਆਦ ਅਸਰ ਨਹੀਂ ਪਵੇਗਾ। ਜੇਕਰ ਤੁਹਾਡੇ ਕੋਲ ਬੀਮਾ ਰਹਿੰਦਾ ਹੈ ਤਾਂ ਤੁਹਾਨੂੰ ਜ਼ਿਆਦਾ ਅਸਰ ਨਹੀਂ ਝੱਲਣਾ ਪੈਂਦਾ। ਅਸੀਂ ਇਸ ਸਮੇਂ ਚੰਗੀ ਸਥਿਤੀ ਵਿਚ ਹਾਂ ਤੇ ਵਿੱਤੀ ਰੂਪ ਨਾਲ ਵੀ ਸਮਰੱਥ ਹਾਂ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਬ੍ਰਿਟਿਸ਼ ਟੈਨਿਸ ਪੂਰੀ ਤਰ੍ਹਾਂ ਸੁਰੱਖਿਅਤ ਹੈ। ’’
ਉਸ ਨੇ ਨਾਲ ਹੀ ਕਿਹਾ ਕਿ ਪਰ ਅਗਲੇ ਸਾਲ ਵਿੰਬਲਡਨ ਨੂੰ ਅਜਿਹਾ ਬੀਮਾ ਕਵਰ ਨਹੀਂ ਮਿਲੇਗਾ ਕਿਉਂਕਿ ਮੌਜੂਦਾ ਸਥਿਤੀ ਵਿਚ ਇਹ ਸੰਭਵ ਨਹੀਂ ਹੋਵੇਗਾ। ਸਾਲ ਦਾ ਆਖਰੀ ਗ੍ਰੈਂਡ ਸਲੈਮ ਆਪਣੇ ਨਿਰਧਾਰਤ ਪ੍ਰੋਗਰਾਮ ਮੁਤਾਬਕ ਅਗਸਤ ਵਿਚ ਸ਼ੁਰੂ ਹੋਵੇਗਾ ਜਦਕਿ ਮਈ ਵਿਚ ਹੋਣ ਵਾਲੇ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਨੂੰ ਸਤੰਬਰ ਦੇ ਅਖੀਰ ਤਕ ਖਿਸਕਾ ਦਿੱਤਾ ਗਿਆ ਹੈ।