ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਹਰੀ ਕ੍ਰਾਂਤੀ ਦੇ ਬਾਅਦ ਰਸਾਇਣਕ ਖਾਦਾਂ ਦੀ ਅੰਧਾਧੁੰਦ ਵਰਤੋਂ ਕਾਰਨ ਪਲੀਤ ਹੋ ਰਹੇ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ ਪਿਛਲੇ ਕਰੀਬ 16 ਸਾਲਾਂ ਤੋਂ ਜੂਝ ਰਹੀ ਦਿਲਬੀਰ ਫਾਊਂਡੇਸ਼ਨ ਅੱਜ ਕਿਸੇ ਪਛਾਣ ਦੀ ਮੁਥਾਜ ਨਹੀਂ। ਵਾਤਾਵਰਣ ਅਤੇ ਅਮੀਰ ਵਿਰਸੇ ਦੀ ਸੰਭਾਲ ਵਰਗੇ ਅਹਿਮ ਕਾਰਜਾਂ ਲਈ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਈ ਇਸ ਫਾਊਂਡੇਸ਼ਨ ਨੇ ਆਪਣੀ ਸਖਤ ਮਿਹਨਤ ਨਾਲ ਅੱਜ ਨਾ ਸਿਰਫ ਪੰਜਾਬ ਅੰਦਰ ਸਗੋਂ ਦੇਸ਼ ਦੇ ਹੋਰ ਸੂਬਿਆਂ ਅੰਦਰ 'ਕੁਦਰਤੀ ਖੇਤੀ' ਦੇ ਸੰਕਲਪ ਦਾ ਪਸਾਰ ਕੀਤਾ ਹੈ। ਇਸ ਫਾਊਂਡੇਸ਼ਨ ਦੇ ਮੈਂਬਰਾਂ ਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਕਰਕੇ ਆਮਦਨ ਦਾ ਵਧੀਆ ਸ੍ਰੋਤ ਪੈਦਾ ਕਰਨ ਦਾ ਰਸਤਾ ਤਾਂ ਦਿਖਾਇਆ ਹੀ ਹੈ ਸਗੋਂ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਬਦੌਲਤ ਅੱਜ ਸੈਂਕੜੇ ਪਰਿਵਾਰਾਂ ਨੂੰ ਘਰ ਬੈਠੇ ਖਤਰਨਾਕ ਰਸਾਇਣਾਂ ਤੋਂ ਮੁਕਤ ਅਨਾਜ ਤੇ ਹੋਰ ਸਮਾਨ ਮਿਲ ਰਿਹਾ ਹੈ। 

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

2004 'ਚ ਸ਼ੁਰੂ ਹੋਈ ਦੀ ਦਿਲਬੀਰ ਫਾਊਂਡੇਸ਼ਨ
ਇਸ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਦੱਸਿਆ ਕਿ ਸਾਲ 2004 ਦੌਰਾਨ ਉਨ੍ਹਾਂ ਨੇ ਵਾਤਾਵਰਣ ਤੇ ਵਿਰਸੇ ਨੂੰ ਪਿਆਰ ਕਰਨ ਵਾਲੇ ਕਈ ਸਾਥੀਆਂ ਦੇ ਸਹਿਯੋਗ ਨਾਲ ਦਿਲਬੀਰ ਫਾਉਂਡੇਸ਼ਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦੇ ਅਮੀਰ ਵਿਰਸੇ ਦੀ ਸਾਂਭ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਸਿਖਿਆ ਦੇ ਪ੍ਰਚਾਰ ਤੇ ਪਸਾਰ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਹੋ ਰਹੇ ਪਸਾਰ ਅਤੇ ਹਰੇਕ ਖੇਤਰ ਦੇ ਹੋ ਰਹੇ ਮਸ਼ੀਨੀਕਰਨ ਦੇ ਯੁੱਗ ਵਿਚ ਵਾਤਾਵਰਣ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਦੇ ਅਹਿਮ ਕਾਰਜ ਨੂੰ ਵੀ ਵੱਡੀ ਅਹਿਮੀਅਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਬਚਾਉਣ ਲਈ ਕੁਦਰਤੀ ਖੇਤੀ ਨੂੰ ਪ੍ਰਫੁਲਿਤ ਕਰਨਾ ਸਮੇ ਦੀ ਲੋੜ ਸੀ, ਜਿਸ ਕਾਰਨ ਉਨ੍ਹਾਂ ਨੇ ਜ਼ਹਿਰ ਮੁਕਤ ਖੇਤੀ ਕਰਵਾਉਣ ਦੇ ਯਤਨ ਸ਼ੁਰੂ ਕੀਤੇ ਸਨ।

...ਚੱਲੋ ਕੋਰੋਨਾ ਕਾਰਨ ਕੁਝ ਤਾਂ ਫਾਇਦਾ ਹੋਇਆ

PunjabKesari

2008 ਤੋਂ ਸ਼ੁਰੂ ਕੀਤਾ ਕੁਦਰਤੀ ਖੇਤੀ ਦਾ ਸੰਕਲਪ
ਗੁਨਬੀਰ ਸਿੰਘ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਉਨ੍ਹਾਂ ਨੇ ਕੁਦਰਤੀ ਖੇਤੀ ਕਰਵਾਉਣ ਦਾ ਕੰਮ ਵੀ ਸ਼ੁਰੂ ਕੀਤਾ ਸੀ। ਇਸ ਤਹਿਤ ਅੰਮ੍ਰਿਤਸਰ ਨਾਲ ਸਬੰਧਿਤ ਪਿੰਡਾਂ ਦੇ ਕਿਸਾਨਾਂ ਨੂੰ ਨੂੰ ਜਾਗਰੂਕ ਕਰਕੇ ਉਨ੍ਹਾਂ ਨੇ ਖੇਤਾਂ ਵਿਚ ਜ਼ਹਿਰਾਂ ਦੀ ਵਰਤੋਂ ਕੀਤੇ ਬਗੈਰ ਅਨਾਜ ਤੇ ਹੋਰ ਸਮਾਨ ਤਿਆਰ ਕਰਵਾਉਣਾ ਸ਼ੁਰੂ ਕੀਤਾ ਸੀ। ਮੁਢਲੇ ਸਾਲਾਂ ਵਿਚ ਲੋਕਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਕਿਸਾਨ ਜ਼ਹਿਰ ਮੁਕਤ ਖੇਤੀ ਕਰਨ ਲਈ ਤਿਆਰ ਹਨ ਅਤੇ ਲੋਕ ਵੀ ਜ਼ਹਿਰਾਂ ਤੋਂ ਮੁਕਤ ਅਨਾਜ, ਫਲ ਤੇ ਸਬਜ਼ੀਆਂ ਖਾਣੀਆਂ ਚਾਹੁੰਦੇ ਹਨ। ਪਰ ਇਸ ਮਕਸਦ ਲਈ ਕਿਸਾਨਾਂ ਨੂੰ ਜ਼ਹਿਰ ਮੁਕਤ ਫਲ ਸਬਜੀਆਂ ਤੇ ਅਨਾਜ ਵੇਚਣ ਲਈ ਢੁਕਵਾਂ ਪਲੇਟਫਾਰਮ ਨਹੀਂ ਮਿਲ ਰਿਹਾ ਅਤੇ ਖਪਤਕਾਰਾਂ ਨੂੰ ਵੀ ਇਹ ਯਕੀਨ ਨਹੀਂ ਹੁੰਦਾ ਕਿ ਉਨ੍ਹਾਂ ਵੱਲੋਂ ਖਰੀਦੀ ਜਾ ਰਹੀ ਜ਼ਹਿਰ ਮੁਕਤ ਸਬਜ਼ੀ, ਫਲ ਜਾਂ ਅਨਾਜ ਸਚਮੁੱਚ ਜਹਿਰ ਮੁਕਤ ਹੈ ਜਾਂ ਨਹੀਂ। ਇਸ ਲਈ ਉਨ੍ਹਾਂ ਨੇ 2016 ਵਿਚੋਂ ਕੁਦਰਤੀ ਖੇਤੀ ਸਬੰਧੀ ਮੰਡੀਆਂ ਦੀ ਸ਼ੁਰੂਆਤ ਵੀ ਕੀਤੀ।

ਹੁਣ ਹੈਲੀਕਾਪਟਰ ਨਾਲ ਹਵਾਈ ਸਪਰੇਅ ਰਾਹੀਂ ਟਿੱਡੀ ਦਲ ਨੂੰ ਕੀਤਾ ਜਾਵੇਗਾ ਕਾਬੂ

PunjabKesari

ਪੰਜਾਬ ਦੇ ਤਿੰਨ ਸ਼ਹਿਰਾਂ 'ਚ ਬਣਾਈਆਂ ਮੰਡੀਆਂ
ਉਨ੍ਹਾਂ ਦੱਸਿਆ ਕਿ 2016 ਵਿਚ ਉਨ੍ਹਾਂ ਨੇ ਅੰਮ੍ਰਿਤਸਰ 'ਚ ਪਹਿਲੀ ਸਿੱਧੀ ਮੰਡੀ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਬਾਅਦ 2018 ਵਿਚ ਲੁਧਿਆਣਾ ਅੰਦਰ ਵੀ ਮੰਡੀ ਖੋਲੀ ਗਈ ਅਤੇ ਹੁਣ ਚੰਡੀਗੜ੍ਹ ਵਿਚ ਵੀ ਮੰਡੀ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਲੋਕਾਂ ਦੀ ਮੰਗ ਵਧਣ ਕਾਰਨ ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਜਾਗਰੂਕ ਕਰਕੇ ਨਾ ਸਿਰਫ ਜ਼ਹਿਰ ਮੁਕਤ ਖੇਤੀ ਲਈ ਪ੍ਰੇਰਿਤ ਕੀਤਾ ਸਗੋਂ ਇਸ ਗੱਲ ਲਈ ਵੀ ਮਨਾਇਆ ਕਿ ਉਹ ਕਣਕ ਝੋਨੇ ਦੀ ਰਵਾਇਤੀ ਫਸਲੀ ਗੇੜ ਵਿਚੋਂ ਨਿਕਲ ਕੇ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿਚ ਸਬਜ਼ੀਆਂ ਤੇ ਦਾਲਾਂ ਦੀ ਜ਼ਹਿਰ ਮੁਕਤ ਖੇਤੀ ਕਰਨ। ਅਜਿਹਾ ਕਰਨ ਨਾਲ ਜਿਥੇ ਫਸਲੀ ਵਿਭਿੰਨਤਾ ਨੂੰ ਹੁੰਗਾਰਾ ਮਿਲਿਆ ਹੈ, ਉਸ ਦੇ ਨਾਲ ਹੀ ਕਿਸਾਨਾਂ ਵੱਲੋਂ ਤਿਆਰ ਕੀਤੀਆਂ ਦਾਲਾਂ, ਮਸਾਲੇ ਤੇ ਹੋਰ ਜਿਨਸਾਂ ਨਾਲ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਹਨ।

ਮਿੱਟੀ ਨਾਲ ਮਿੱਟੀ ਹੋ ਕੇ ਰਣਜੀਤ ਸਿੰਘ ਥਿੰਦ ਨੇ ਲਿਖੀ ਸਫਲਤਾ ਦੀ ਵਿਲੱਖਣ ਕਹਾਣੀ

PunjabKesari

ਗਰੇਡਿੰਗ ਤੇ ਪੈਕਿੰਗ ਸਮੇਤ ਹਰ ਕੰਮ ਦੀ ਸ਼ੁਰੂਆਤ
ਗੁਨਬੀਰ ਸਿੰਘ ਨੇ ਦੱਸਿਆ ਕਿ ਖਪਤਕਾਰ ਅਤੇ ਉਤਪਾਦਕਾਂ ਦੀ ਗਿਣਤੀ ਵਧਣ ਕਾਰਨ ਹਰੇਕ ਜਿਨਸ ਦੀ ਪੈਕਿੰਗ ਅਤੇ ਗਰੇਡਿੰਗ ਦੀ ਵੱਡੀ ਚੁਣੌਤੀ ਸਾਹਮਣੇ ਆਈ ਸੀ। ਇਸ ਕਾਰਨ ਉਨ੍ਹਾਂ ਨੇ ਗਰੇਡਿੰਗ ਅਤੇ ਪੈਕਿੰਗ ਦੀ ਸ਼ੁਰੂਆਤ ਵੀ ਕਰਵਾਈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਾਰੇ ਸਮਾਨ ਦੀ ਸਪਲਾਈ ਕਰਨ ਲਈ ਜੀਐਸਟੀ ਨੰਬਰ ਲੈਣ ਸਮੇਤ ਹੋਰ ਕਈ ਨਿਯਮ ਵੀ ਪੂਰੇ ਕੀਤੇ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਬਕਾਇਦਾ 'ਦ ਅਰਥ ਸਟੋਰ' ਨਾਂਅ ਦਾ ਬਰਾਂਡ ਰਜਿਸਟਰਡ ਕਰਵਾਇਆ ਅਤੇ ਹੁਣ ਉਨ੍ਹਾਂ ਵੱਲੋਂ ਕਰੀਬ 125 ਵਸਤੂਆਂ ਦੀ  ਹੋਮ ਡਲਿਵਰੀ ਵੀ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਕਰੀਬ 200 ਦੇ ਕਰੀਬ ਕਿਸਾਨ ਜੁੜੇ ਹੋਏ ਹਨ, ਜੋ ਕੁਦਰਤੀ ਖੇਤੀ ਕਰਕੇ ਜ਼ਹਿਰ ਮੁਕਤ ਅਨਾਜ, ਫਲ ਤੇ ਸਬਜ਼ੀਆਂ ਪੈਦਾ ਕਰਕੇ ਦੇ ਰਹੇ ਹਨ ਅਤੇ ਕਰੀਬ 1500 ਖਪਤਕਾਰ ਉਨ੍ਹਾਂ ਕੋਲੋਂ ਰੈਗੂਲਰ ਇਹ ਸਮਾਨ ਖਰੀਦ ਰਹੇ ਹਨ। 

ਹਰ ਪਲ ਖੁਸ਼ ਰਹਿ ਕੇ ਆਪਣੀ ਚੰਗੀ ਜ਼ਿੰਦਗੀ ਬਸਰ ਕਰੋ

PunjabKesari

ਬਾਹਰਲੇ ਸੂਬਿਆਂ ਤੱਕ ਫੈਲਾਇਆ ਨੈਟਵਰਕ
ਉਨ੍ਹਾਂ ਦੱਸਿਆ ਕਿ ਖਪਤਕਾਰਾਂ ਨੂੰ ਆਰਗੈਨਿਕ ਕਣਕ ਤੇ ਚਾਵਲ ਤਾਂ ਅਸਾਨੀ ਨਾਲ ਮਿਲ ਜਾਂਦੇ ਸਨ ਪਰ ਖਪਤਕਾਰਾਂ ਵੱਲੋਂ ਫਲ, ਸਬਜੀਆਂ, ਮਸਾਲੇ ਤੇ ਹੋਰ ਸਮਾਨ ਦੀ ਮੰਗ ਕੀਤੇ ਜਾਣ ਕਾਰਨ ਉਨ੍ਹਾਂ ਨੇ ਹਿਮਾਚਲ, ਉਤਰਾਖੰਡ, ਕੇਰਲਾ, ਹੈਦਰਾਬਾਦ, ਆਂਧਰਾਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਪਹੁੰਚ ਕਰਕੇ ਕਿਸਾਨਾਂ ਨਾਲ ਰਾਬਤਾ ਕੀਤਾ ਅਤੇ ਉਥੋਂ ਵੀ ਕੁਦਰਤੀ ਖੇਤੀ ਰਾਹੀਂ ਤਿਆਰ ਕੀਤਾ ਸਮਾਨ ਮੰਗਵਾ ਕੇ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਕੁਦਰਤੀ ਖੇਤੀ ਦੇ ਪ੍ਰਚਾਰ ਤੇ ਪਸਾਰ ਲਈ ਹੁਣ ਤੱਕ ਸਟੇਟ ਅਤੇ ਦੇਸ਼ ਪੱਧਰ ਦੀਆਂ ਕਈ ਵਿਚਾਰ ਗੋਸ਼ਟੀਆਂ ਵਿਚ ਭਾਗ ਲੈ ਚੁੱਕੇ ਹਨ। ਉਨਾਂ ਦੱਸਿਆ ਕਿ ਲੋਕ ਸੇਵਾ ਦੇ ਇਸ ਕੰਮ ਲਈ ਉਹ ਸੋਸ਼ਲ ਮੀਡੀਏ ਦਾ ਕਾਫੀ ਸਹਾਰਾ ਲੈ ਰਹੇ ਹਨ।

PunjabKesari

ਮਿਲ ਚੁੱਕੇ ਹਨ ਕਈ ਸਨਮਾਨ
ਗੁਨਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਫਾਊਂਡੇਸ਼ਨ ਨੂੰ ਜਿਥੇ ਸਰਕਾਰ ਵੱਲੋਂ ਰਾਜ ਪੱਧਰੀ ਸਨਮਾਨ ਦਿੱਤਾ ਜਾ ਚੁੱਕਾ ਹੈ, ਉਸ ਦੇ ਨਾਲ ਹੀ ਉਨਾਂ ਨੂੰ ਕਈ ਸਮਾਜ ਸੇਵੀ ਜਥੇਬੰਦੀਆਂ ਤੇ ਸੰਸਥਾਵਾਂ ਵੱਲੋਂ ਵੀ ਜ਼ਹਿਰ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਸਮੇਤ ਹੋਰ ਕੰਮਾਂ ਲਈ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਉਨ੍ਹਾਂ ਨੇ ਸ੍ਰੀ ਹਰਮੰਦਿਰ ਸਾਹਿਬ ਵਿਚ ਕੱਪੜੇ ਦੀ ਛੋਟੀ ਥੈਲੀ ਦੀ ਵਰਤੋਂ ਸ਼ੁਰੂ ਕਰਵਾਈ ਸੀ ਅਤੇ ਨਾਲ ਹੀ ਹੋਰ ਕਈ ਥਾਈਂ ਵੀ ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਲਈ ਯਤਨ ਕੀਤੇ। 

ਜੁਲਾਈ ਮਹੀਨੇ ਦੇ ਵਰਤ ਅਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’