ਮੁੰਬਈ— ਕੋਵਿਡ-19 ਦੇ ਟੀਕੇ ਦੇ ਨਤੀਜੇ ਉਤਸ਼ਾਹਜਨਕ ਰਹਿਣ ਦੀਆਂ ਖਬਰਾਂ ਵਿਚਕਾਰ ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਨਾਲ-ਨਾਲ ਵੀਰਵਾਰ ਨੂੰ ਸਥਾਨਕ ਬਾਜ਼ਾਰਾਂ 'ਚ ਵੀ ਬੜ੍ਹਤ ਦਰਜ ਹੋਈ । ਸੈਂਸੈਕਸ 429 ਅੰਕ ਯਾਨੀ 1.21 ਫੀਸਦੀ ਚੜ੍ਹ ਕੇ 35,843.70 ਦੇ ਪੱਧਰ 'ਤੇ ਬੰਦ ਹੋਇਆ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਨਿਫਟੀ 121.65 ਅੰਕ ਯਾਨੀ 1.17 ਫੀਸਦੀ ਦੀ ਬੜ੍ਹਤ ਨਾਲ 10,551.70 ਦੇ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 600 ਅੰਕ ਤੱਕ ਦੀ ਵੀ ਤੇਜ਼ੀ ਦਰਜ ਕੀਤੀ ਸੀ।

ਸੈਂਸੈਕਸ ਦੀਆਂ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤਕਰੀਬਨ ਛੇ ਫੀਸਦੀ ਦੀ ਮਜਬੂਤੀ ਦਰਜ ਹੋਈ। ਟਾਈਟਨ, ਐੱਚ. ਸੀ. ਐੱਲ. ਟੈੱਕ, ਟਾਟਾ ਸਟੀਲ, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰਾਂ 'ਚ ਵੀ ਵਾਧਾ ਹੋਇਆ। ਦੂਜੇ ਪਾਸੇ, ਐਕਸਿਸ ਬੈਂਕ, ਹਿੰਦੁਸਤਾਨ ਯੂਨੀਲੀਵਰ, ਕੋਟਕ ਬੈਂਕ ਅਤੇ ਭਾਰਤੀ ਏਅਰਟੈੱਲ 'ਚ ਗਿਰਾਵਟ ਆਈ। ਕੋਵਿਡ-19 ਖਿਲਾਫ ਜਰਮਨੀ ਦੀ ਬਾਇਓਨਟੈੱਕ ਅਤੇ ਅਮਰੀਕਾ ਦੀ ਫਾਰਮਾ ਕੰਪਨੀ ਫਾਈਜ਼ਰ ਦੇ ਸੰਭਾਵਿਤ ਟੀਕੇ ਦੀ ਖੋਜ ਦੇ ਨਤੀਜੇ ਉਤਸ਼ਾਹਜਨਕ ਰਹਿਣ ਨਾਲ ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦਰਜ ਹੋਈ। ਇਸ ਦਾ ਭਾਰਤੀ ਬਾਜ਼ਾਰਾਂ 'ਤੇ ਵੀ ਸਕਾਰਾਤਮਕ ਪ੍ਰਭਾਵ ਪਿਆ। ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗਸੈਂਗ, ਜਪਾਨ ਦੇ ਨਿੱਕੇਈ ਅਤੇ ਦੱਖਣੀ ਕੋਰੀਆ ਦੇ ਕੋਸਪੀ 'ਚ ਬੜ੍ਹਤ ਰਹੀ।