ਨਵੀਂ ਦਿੱਲੀ— ਕੋਰੋਨਾ ਸੰਕਟ ਨਾਲ ਪੂਰੀ ਦੁਨੀਆ ਅਜੇ ਵੀ ਜੂਝ ਰਹੀ ਹੈ। ਕਈ ਦੇਸ਼ ਇਸ ਦਾ ਟੀਕਾ ਬਣਾਉਣ 'ਚ ਲੱਗੇ ਹੋਏ ਹਨ ਅਤੇ ਭਾਰਤ ਵੀ ਇਸ 'ਚ ਆਪਣੀ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਹਾਲ 'ਚ ਇਹ ਖਬਰ ਆਈ ਸੀ ਕਿ ਦੇਸ਼ 'ਚ ਪਹਿਲਾ ਕੋਰੋਨਾ ਟੀਕਾ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਤੋਂ ਬਾਅਦ ਹੁਣ ਖਬਰ ਹੈ ਕਿ ਦੇਸ਼ 'ਚ ਦੂਜਾ ਕੋਰੋਨਾ ਟੀਕਾ ਵੀ ਤਿਆਰ ਹੈ ਜਿਸ ਨੂੰ ਮਨੁੱਖੀ ਟ੍ਰਾਇਲ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਪਿਛਲੇ 5 ਦਿਨਾਂ ਇਹ ਦੂਜਾ ਟੀਕਾ ਹੈ ਜਿਸ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਮਨਜੂਰੀ ਦਿੱਤੀ ਹੈ।

ਕੋਰੋਨਾ ਦਾ ਦੂਜਾ ਟੀਕਾ ਅਹਿਮਦਾਬਾਦ ਸਥਿਤ ਕੰਪਨੀ ਜਾਇਡਸ ਕੈਡਿਲਾ ਹੈਲਥਕੇਅਰ ਲਿਮਟਿਡ ਵੱਲੋਂ ਤਿਆਰ ਕੀਤਾ ਗਿਆ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਇਸ ਟੀਕੇ ਦੇ ਫੇਜ-1 ਅਤੇ ਫੇਜ-2 ਦੇ ਮਨੁੱਖੀ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਹਾਲਾਂਕਿ, ਇਹ ਕਿਹਾ ਗਿਆ ਹੈ ਕਿ ਇਸ ਟੈਸਟਿੰਗ ਨੂੰ ਪੂਰਾ ਹੋਣ 'ਚ 3 ਮਹੀਨੇ ਲੱਗਣਗੇ। ਰਿਪੋਰਟਾਂ ਅਨੁਸਾਰ ਇਸ ਟੀਕੇ ਦਾ ਜਾਨਵਰਾਂ 'ਤੇ ਸਫਲਤਾਪੂਰਵਕ ਟੈਸਟ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸ ਦੇ ਮਨੁੱਖੀ ਟੈਸਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੰਪਨੀ ਜਲਦੀ ਹੀ ਮਨੁੱਖੀ ਟੈਸਟਿੰਗ ਲਈ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਪਹਿਲੇ ਅਤੇ ਦੂਜੇ ਪੜਾਅ ਦੀ ਟੈਸਟਿੰਗ ਲਈ ਕੰਪਨੀ ਨੂੰ 3 ਮਹੀਨੇ ਲੱਗਣਗੇ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਬਿਨਾਂ ਦੇਰੀ ਕੀਤੇ ਅਗਲੇ ਟੈਸਟਿੰਗ ਲਈ ਤੁਰੰਤ ਇਜਾਜ਼ਤ ਦੇ ਦਿੱਤੀ ਹੈ। ਉੱਥੇ ਹੀ, ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ 15 ਅਗਸਤ ਨੂੰ ਲਾਂਚ ਹੋਣ ਦੀਆਂ ਖਬਰਾਂ ਹਨ।