ਪ੍ਰੇਰਕ ਪ੍ਰਸੰਗ - 2

ਸਾਦੇ ਸੁਭਾਅ ਅਤੇ ਆਮ ਜਿਹੇ ਪਹਿਰਾਵੇ ਤੋਂ ਕਈ ਵਾਰੀ ਨਹੀਂ ਲੱਗਦੀ ਕਿ ਰੀਟਾ ਐਨੇ ਗੁਣਾਂ ਦੀ ਮਾਲਕਣ, ਪੋਸਟ ਗਰੈਜੂਏਟ ਜਨਾਨੀ ਅਤੇ ਇੱਕ ਸਰਕਾਰੀ ਅਧਿਆਪਕਾ ਹੋਵੇਗੀ। ਉਹ ਵੀ ਗਣਿਤ ਵਰਗੇ ਔਖੇ ਸਮਝੇ ਜਾਂਦੇ ਵਿਸ਼ੇ ਦੀ। ਗੱਲਬਾਤ ਵਿੱਚ ਬਿਲਕੁਲ ਸਧਾਰਨ, ਬਿਨਾਂ ਕਿਸੇ ਅਲ-ਛਲ ਦੇ, ਇਹ ਅਧਿਆਪਕਾ ਰੋਪੜ ਜ਼ਿਲ੍ਹੇ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਣਿਤ ਪੜ੍ਹਾਉਂਦੇ ਹੋਏ ਨਾ ਕੇਵਲ ਸ਼ਤ-ਫੀਸਦੀ ਨਤੀਜੇ (ਹਰ ਸਾਲ) ਦੇ ਰਹੀ ਹੈ ਸਗੋਂ ਘਰ ਨੂੰ ਵੀ ਬਾਖੂਬੀ ਚਲਾ ਰਹੀ ਹੈ।

ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਦਾ ਹੈ ਕਿ ਉਹ ਖਾਣਾ ਸਵਾਦਿਸ਼ਟ ਹੀ ਨਹੀਂ ਬਹੁਤ ਸਵਾਦਿਸ਼ਟ ਬਣਾਉਂਦੀ ਹੈ, ਜਿਸ ਕਾਰਨ ਉਸ ਦੇ ਘਰ ਵਿੱਚ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਕਦੇ ਕੋਈ ਗਿਲਾ-ਸ਼ਿਕਵਾ ਨਹੀਂ ਰਿਹਾ। ਅਜਿਹਾ ਕਰਨ ਵਾਲੀਆਂ ਬਹੁਤ ਔਰਤਾਂ ਹੋਣਗੀਆਂ ਪਰ ਰੀਟਾ ਦੀ ਖਾਸੀਅਤ ਇਹ ਹੈ ਕਿ ਉਹ ਹਰ ਹਾਲਤ ਵਿੱਚ ਘਰ ਨੂੰ ਚੱਲਦਾ ਰੱਖਣ ਦੀ ਹਿੰਮਤ ਅਤੇ ਜ਼ੁੱਅਰਤ ਰੱਖਦੀ ਹੈ।

ਉਸ ਨੇ ਕਦੇ ਵੀ ਕਿਸੇ ਵੀ ਸਬਜ਼ੀ, ਮਸਾਲੇ ਜਾਂ ਕਿਸੇ ਹੋਰ ਆਈਟਮ ਲਈ ਐਮਰਜੈਂਸੀ ਤੌਰ 'ਤੇ ਆਪਣੇ ਪਤੀ ਜਾਂ ਬੱਚੇ ਨੂੰ ਕਦੇ ਬਜ਼ਾਰ ਨਹੀਂ ਭੇਜਿਆ - ਖੁਦ ਆਪ ਉਹ ਬਹੁਤ ਘੱਟ ਖਰੀਦਦਾਰੀ ਕਰਦੀ ਹੈ। ਘਰ ਵਿੱਚ ਜੋ ਉਪਲਬਧ ਹੋਵੇ ਉਸੇ ਤੋਂ ਖਾਣਾ ਤਿਆਰ ਕਰ ਦਿੰਦੀ ਹੈ। ਜਿਨ੍ਹਾਂ ਦਿਨਾਂ ਵਿੱਚ ਟਮਾਟਰ, ਪਿਆਜ਼ ਜਾਂ ਕਿਸੇ ਹੋਰ ਆਈਟਮ ਦੀਆਂ ਕੀਮਤਾਂ ਅਸਮਾਨ ਛੂਹਨ ਲੱਗ ਜਾਂਦੀਆਂ ਹਨ, ਉਹ ਐਦਾਂ ਹੀ ਸਬਜ਼ੀ ਤਿਆਰ ਕਰ ਲੈਂਦੀ ਹੈ। ਸਬਜ਼ੀ ਵੀ ਅਜਿਹੀ ਕਿ ਖਾਣ ਵਾਲਾ ਉਂਗਲਾਂ ਚੱਟਦਾ ਰਹਿ ਜਾਏ।

ਉਸ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਵਿੱਚ ਉਸ ਦੀ, ਜੋ ਕਦਰ ਹੈ ਉਸ ਪਿੱਛੇ ਉਸ ਦੀ ਪਤਨੀ ਰੀਟਾ ਦੀ ਦਰਿਆਦਿਲੀ ਦਾ ਬਹੁਤ ਵੱਡਾ ਹੱਥ ਹੈ - ਵਰਣਨਯੋਗ ਹੈ ਕਿ ਰੀਟਾ ਦੇ ਪਤੀ ਦੇ ਕੁਝ ਜਾਨੀ ਦੋਸਤ ਹਨ -'ਗਾਡਰਾਂ ਵਰਗੇ ਯਾਰ'। ਪਤੀ ਦੇ ਜਿਹੜੇ ਵੀ ਦੋਸਤ ਉਸ ਦੇ ਘਰ ਆਏ/ਰੁਕੇ ਹਨ ਸਭ ਨੇ ਰੀਟਾ ਦੁਆਰਾ ਬਣਾਏ ਖਾਣੇ ਅਤੇ ਡਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਰੀਟਾ ਦਾ ਰਸੋਈਨਾਮਚਾ ਇੱਕ ਗੱਲ ਵਿੱਚ ਵਿਸ਼ੇਸ਼ ਪ੍ਰੇਰਣਾ ਸ੍ਰੋਤ ਹੈ - ਉਹ ਕੋਈ ਵੀ ਚੀਜ਼ ਬੇਕਾਰ ਨਹੀਂ ਸੁਟੱਦੀ। ਉਸ ਦੇ ਘਰ ਦੇ ਦੱਸਦੇ ਹਨ ਕਿ ਉਨ੍ਹਾਂ ਨੂੰ ਨਹੀਂ ਯਾਦ ਜਦੋਂ ਆਖਰੀ ਵਾਰ ਕੋਈ ਪੱਕੀ ਹੋਈ ਰੋਟੀ, ਗੁੰਨ੍ਹਿਆ ਹੋਇਆ ਆਟਾ, ਖਰਾਬ ਹੋਈ ਕੋਈ ਦਾਲ ਜਾਂ ਹੋਰ ਅਨਾਜ, ਖਰਾਬ ਹੋਇਆ ਕੋਈ ਫਲ-ਸਬਜ਼ੀ ਆਦਿ ਉਨ੍ਹਾਂ ਦੇ ਡਸਟਬਿਨ ਦਾ ਸ਼ਿੰਗਾਰ ਬਣਿਆ ਹੋਵੇ। ਰੀਟਾ ਹਰ ਖਾਧ ਪਦਾਰਥ ਦਾ ਪੂਰਾ ਮੁੱਲ ਵਸੂਲਦੀ ਹੈ, ਕੋਈ ਵੀ ਚੀਜ਼ ਵਾਧੂ ਜਾਂ ਬੇਕਾਰ ਨਹੀਂ ਜਾਣ ਦਿੰਦੀ। ਕੜ੍ਹੀ ਹੋਵੇ ਜਾਂ ਕੋਈ ਸਬਜ਼ੀ - ਜੇਕਰ ਬਚ ਜਾਵੇ ਤਾਂ ਆਟੇ ਵਿੱਚ ਗੁੰਨ੍ਹ ਲੈਂਦੀ ਹੈ। ਐਥੋਂ ਤੱਕ ਕਿ ਵਾਧੂ ਬਣੇ ਚੌਲ ਵੀ ਉਹ ਆਟੇ ਵਿੱਚ ਗੁੰਨ੍ਹ ਕੇ ਰੋਟੀਆਂ ਬਣਾ ਸਕਦੀ ਹੈ - ਇਹ ਰੋਟੀਆਂ ਸਵਾਦ ਵਿੱਚ ਅਨੋਖੀਆਂ ਹੁੰਦੀਆਂ ਹਨ ਪਰ ਰੀਟਾ ਇਹ ਵੀ ਮੰਨਦੀ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਇਸ ਸਟਾਇਲ ਦਾ ਕਦੇ ਵਿਰੋਧ ਨਹੀਂ ਕੀਤਾ ਸਗੋਂ ਉਸ ਦਾ ਤਿਆਰ ਕੀਤਾ ਖਾਣਾ ਸਦਾ ਖੁਸ਼ੀ-ਖੁਸ਼ੀ ਖਾਧਾ ਹੈ।

ਜੇ ਕਦੇ ਘਰ ਵਿੱਚ ਦੁੱਧ ਫਟ ਜਾਵੇ ਤਾਂ ਰੀਟਾ ਉਸ ਨੂੰ ਨਾਲੀ 'ਚ ਵਹਾਉਣ ਦੀ ਥਾਂ ਪਨੀਰ ਕੱਢ ਲੈਂਦੀ ਹੈ। ਬਜ਼ਾਰੂ ਪਨੀਰ ਤੋਂ ਵਧੇਰੇ ਸਵਾਦ ਤੇ ਨਰਮ ਪਨੀਰ ਬਨਾਉਂਦੀ ਹੈ ਉਹ। ਐਨਾਂ ਹੀ ਨਹੀਂ ਪਨੀਰ ਕੱਢਣ ਤੋਂ ਬਾਅਦ ਬਚਿਆ ਪਾਣੀ ਵੀ ਉਹ ਨਹੀਂ ਡੋਲ੍ਹਦੀ – ਇਸ ਪਾਣੀ ਨੂੰ ਨਮਕ, ਜ਼ੀਰਾ ਆਦਿ ਪਾ ਕੇ ਸਵਾਦਿਸ਼ਟ ਪੇਯ ਬਣਾ ਲੈਣਾ ਜਾਂ ਫਿਰ ਆਟਾ ਗੁੰਨ੍ਹਣ ਲਈ ਵਰਤ ਲੈਣਾ ਉਸ ਨੂੰ ਭਲੀ-ਭਾਂਤੀ ਆਉਂਦਾ ਹੈ। ਉਸ ਨੂੰ ਪਤਾ ਹੈ ਕਿ ਪਨੀਰ ਕੱਢਣ ਉਪਰੰਤ ਬਚੇ ਪਾਣੀ ਵਿੱਚ ਵੀ ਪ੍ਰੋਟੀਨ ਅਤੇ ਖਣਿਜ ਤੱਤ ਹੁੰਦੇ ਹਨ, ਦੁੱਧ ਖਰੀਦਣ ਲੱਗੇ ਮੁੱਲ ਤਾਰਿਆ ਹੁੰਦੈ ਇਸ 'ਪਾਣੀ' ਦਾ ਵੀ।

ਸਬਜ਼ੀ-ਭਾਜੀ, ਕਰਿਆਨਾ ਆਦਿ ਲਿਆਉਣ ਲਈ ਰੀਟਾ ਘਰ-ਸਿਲੇ ਅੱਡ-ਅੱਡ ਅਕਾਰਾਂ ਦੇ 4 ਥੈਲੇ ਤਿਆਰ ਰੱਖਦੀ ਹੈ ਤਾਂ ਜੋ ਪਾਲੀਥੀਨ ਦੇ ਲਿਫਾਫੇ ਘੱਟ ਤੋਂ ਘੱਟ ਘਰ ਆਉਣ। ਜਿਹੜੇ ਪਾਲੀਥੀਨ-ਲਿਫਾਫੇ ਘਰ ਆ ਜਾਂਦੇ ਹਨ ਉਨ੍ਹਾਂ ਨੂੰ ਉਹ ਸੰਭਾਲ ਕੇ ਤਹਿਆਂ ਲਾ ਕੇ ਰੱਖ ਲੈਂਦੀ ਹੈ ਤੇ ਸਬਜ਼ੀ ਵੇਚਣ ਵਾਲੇ ਰੇਹੜੀ-ਫੜ੍ਹੀ ਵਾਲਿਆਂ ਨੂੰ ਦੇ ਦਿੰਦੀ ਹੈ ਤਾਂ ਜੋ ਵਾਤਾਵਰਨ ਪਲੀਤ ਨਾ ਹੋਵੇ। ਉਹ ਦੱਸਦੀ ਹੈ ਕਿ ਸ਼ੁਰੂ-ਸ਼ੁਰੂ ਵਿੱਚ ਪੁੱਛਣ 'ਤੇ ਰੇਹੜੀ-ਫੜ੍ਹੀ ਵਾਲੇ ਉਸ ਤੋਂ ਇਹ ਲਿਫਾਫੇ ਲੈਣ ਲੱਗੇ ਸੰਕੋਚ ਕਰਦੇ ਸਨ - "ਸ਼ਾਇਦ ਉਨ੍ਹਾਂ ਨੂੰ ਲੱਗਦਾ ਸੀ ਕਿ ਮੈਂ ਮੁੱਲ ਦੇਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਲਿਫਾਫੇ ਲੈਣ ਲਈ ਪੁੱਛਦੀ ਹਾਂ। ਜਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਮੈਂ ਉਨ੍ਹਾਂ ਨੂੰ ਸਪਸ਼ਟ ਕਰਨ ਲੱਗੀ ਕਿ ਮੈਂ ਤਾਂ ਇਹ ਲਿਫਾਫੇ ਇਸ ਲਈ ਦੇਣਾ ਚਾਹੁੰਦੀ ਹਾਂ, ਕਿਉਂਕਿ ਇਹ ਮੇਰੇ ਕਿਸੇ ਕੰਮ ਨਹੀਂ ਆਉਣੇ, ਉਲਟਾ ਨਾਲੀਆਂ ਰੋਕਣਗੇ ਤੇ ਪ੍ਰਦੂਸ਼ਣ ਕਰਨਗੇ" ਪਰ ਉਸ ਨੂੰ ਗ਼ਮ ਹੈ ਕਿ ਕੋਰੋਨਾ-ਕਾਲ ਦੌਰਾਨ ਉਹ ਲਿਫਾਫਿਆਂ ਦਾ ਇਹ ਪੁਨਰ ਚੱਕਰਨ ਨਹੀਂ ਕਰ ਪਾ ਰਹੀ।

ਰੀਟਾ ਚੌਥੀ ਮੰਜ਼ਿਲ 'ਤੇ ਬਣੇ ਇੱਕ ਸਾਦੇ ਜਿਹੇ ਫਲੈਟ ਵਿੱਚ ਰਹਿੰਦੀ ਹੈ। ਜ਼ਮੀਨੀ ਤਲ 'ਤੇ ਲੱਗੀ ਇੱਕ ਮੋਟਰ ਤੋਂ ਉਹ ਰਸੋਈ-ਕਾਰਜਾਂ ਲਈ ਅਤੇ ਪੀਣ ਵਾਲਾ ਤਾਜ਼ਾ ਪਾਣੀ ਭਰ ਕੇ ਘਰ ਚਲਾਉਂਦੀ ਹੈ। ਉਸ ਨੇ ਕੋਈ ਵਾਟਰ ਫਿਲਟਰ ਨਹੀਂ ਲਗਵਾਇਆ ਹੋਇਆ। ਇਹ ਨਹੀਂ ਕਿ ਉਸ ਕੋਲ ਵਾਟਰ ਫਿਲਟਰ ਲਗਵਾਉਣ ਦੀ ਸਮਰਥਾ ਨਹੀਂ - ਉਹ ਜਾਣਦੀ ਹੈ ਕਿ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਮਨੁੱਖ ਨੂੰ ਰੋਜ਼ਾਨਾ ਦੁੱਧ ਤੋਂ ਐਨਾ ਕੈਲਸ਼ੀਅਮ ਨਹੀਂ ਮਿਲਦਾ ਜਿੰਨਾ ਕਿ ਪੀਣ ਵਾਲੇ ਕੁਦਰਤੀ ਪਾਣੀ ਤੋਂ ਮਿਲਦਾ ਹੈ। ਉਹ ਸ਼ੁਰੂ ਤੋਂ ਹੀ ਜਾਣਦੀ ਹੈ ਕਿ ਆਰ.ਓ. ਰਾਹੀਂ ਪਾਣੀ ਸ਼ੁੱਧ ਕਰਦਿਆਂ ਅਸੀਂ ਪਾਣੀ ਵਿੱਚ ਮੌਜੂਦ ਕੁਦਰਤੀ ਕੈਲਸ਼ੀਅਮ ਅਤੇ ਹੋਰ ਖਣਿੱਜ ਤੱਤ ਗੁਆ ਦਿੰਦੇ ਹਾਂ। ਐਨਾ ਹੀ ਨਹੀਂ ਇੱਕ ਲਿਟਰ ਫਿਲਟਰ-ਪਾਣੀ ਤਿਆਰ ਕਰਨ ਲੱਗਿਆਂ ਤਿੰਨ ਲਿਟਰ ਪਾਣੀ ਅਜਾਈਂ ਵੀ ਚਲਾ ਜਾਂਦਾ ਹੈ। ਜਿਸ ਕਾਰਨ ਰੀਟਾ ਆਰ.ਓ. ਫਿਲਟਰ ਨੂੰ ਪਾਣੀ ਦੀ ਬਰਬਾਦੀ ਦਾ ਸੋਮਾ ਹੋਣ ਦੇ ਨਾਲ-ਨਾਲ ਸਿਹਤ ਵਿਰੋਧੀ ਵੀ ਮੰਨਦੀ ਹੈ। ਪਤਾ ਲੱਗਾ ਕਿ ਕੁਝ ਸਾਲ ਪਹਿਲਾਂ ਉਸ ਨੂੰ ਇੱਕ ਆਰ.ਓ. ਫਿਲਟਰ ਤੋਹਫੇ ਵਜੋਂ ਮਿਲਿਆ ਸੀ ਪਰ ਉਸ ਨੇ ਫਿੱਟ ਨਹੀਂ ਕਰਵਾਇਆ, ਕਈ ਮਹੀਨੇ ਐਦਾਂ ਈ ਰੱਖ ਕੇ ਕਿਸੇ ਨੂੰ ਦੇ ਛੱਡਿਆ।

ਰੀਟਾ ਭਾਵੇਂ ਮੰਨਦੀ ਹੈ ਕਿ ਟਮਾਟਰ, ਲਸਣ, ਪਿਆਜ਼ ਆਦਿ ਦੇ ਰੇਟ ਜਦੋਂ ਕਦੇ ਅਸਮਾਨ ਛੂਹਣ ਲੱਗ ਜਾਂਦੇ ਹਨ ਤਾਂ ਸਭ ਤੋਂ ਮਾੜਾ ਅਸਰ ਗ੍ਰਹਿਣੀ 'ਤੇ ਹੀ ਪੈਂਦਾ ਹੈ ਪਰ ਉਸ ਨੇ ਕਦੇ ਆਪਣੀ ਰਸੋਈ 'ਤੇ ਅਜਿਹੀ ਕਿਸੇ ਘਟਨਾ ਦਾ ਅਸਰ ਨਹੀਂ ਪੈਣ ਦਿੱਤਾ। ਜਦੋਂ ਕਦੇ ਛੁੱਟੀਆਂ 'ਚ ਪੂਰਾ ਪਰਿਵਾਰ ਬਾਹਰ ਜਾ ਰਿਹਾ ਹੁੰਦਾ ਹੈ ਤਾਂ ਰੀਟਾ ਕੁਝ ਦਿਨ ਪਹਿਲਾਂ ਹੀ ਐਦਾਂ ਵਿਉਂਤਬੰਦੀ ਸ਼ੁਰੂ ਕਰ ਦਿੰਦੀ ਹੈ ਕਿ ਜਾਣ ਤੋਂ ਪਹਿਲਾਂ ਫਲ-ਸਬਜ਼ੀਆਂ, ਦੁੱਧ, ਮੱਖਣ, ਪਨੀਰ ਆਦਿ ਸਭ ਖਤਮ ਕਰ ਦਿੱਤਾ ਜਾਵੇ, ਵਾਪਸੀ 'ਤੇ ਕੁਝ ਵੀ ਖਰਾਬ ਹੋਇਆ ਨਹੀਂ ਮਿਲਦਾ।
ਰੀਟਾ ਦਾ ਪਰਿਵਾਰ ਕਦੇ ਕਦਾਈ ਪਿਕਨਕਾਂ 'ਤੇ ਵੀ ਜਾਂਦਾ ਹੈ ਪਰ ਆਪਣਾ ਬਣਾਇਆ ਖਾਣਾ ਲੈ ਕੇ ਜਾਣਾ ਉਸ ਦਾ ਸ਼ੌਕ ਹੈ। ਉਹ ਦੱਸਦੀ ਹੈ ਕਿ ਅਜਿਹੀਆਂ ਪਿਕਨਿਕਾਂ ਉਨ੍ਹਾਂ ਦੇ ਸਭ ਸਕੇ-ਸਬੰਧੀਆਂ ਨੂੰ ਪਸੰਦ ਆਈਆਂ - ਘਰ ਦਾ ਬਣਿਆ ਸਾਫ-ਸੁਥਰਾ ਖਾਣਾ ਲੋਚਦਾ ਤਾਂ ਹਰ ਕੋਈ ਹੈ ਪਰ ਖਾਣਾ ਤਿਆਰ ਕਰਕੇ ਪੈਕ ਕਰਨ 'ਤੇ ਆ ਕੇ ਗੱਲ ਰੁਕ ਜਾਂਦੀ ਹੈ। ਉਸ ਦਾ ਇਹ ਉੱਦਮ ਸਭ ਪਸੰਦ ਕਰਦੇ ਹਨ। ਇੱਕਠੇ ਬੈਠ ਕੇ ਭੋਜਨ ਪਰੋਸਣਾ ਤੇ ਖਾਣਾ ਪਿਕਨਿਕ ਦਾ ਮਜ਼ਾ ਦੂਣਾ-ਚੌਣਾ ਕਰ ਦਿੰਦਾ ਹੈ।
ਰੀਟਾ ਦੇਸੀ-ਘੀ ਵੀ ਖੁਦ ਘਰ ਹੀ ਤਿਆਰ ਕਰਦੀ ਹੈ। ਇਸ ਤੋਂ ਬਿਨਾ ਉਹ ਹੋਰ ਵੀ ਕਾਫੀ ਕੁਝ ਘਰੇ ਤਿਆਰ ਕਰਦੀ ਹੈ – ਬਜ਼ਾਰੂ ਉਤਪਾਦਾਂ ਵੱਲ ਉਸ ਦਾ ਝੁਕਾਅ ਬਹੁਤ ਘੱਟ ਹੈ। ਕੋਲਡ ਡਰਿੰਕ ਸ਼ਾਇਦ ਈ ਕਦੇ ਘਰ ਲਿਆਂਦਾ ਹੋਵੇ। ਬਿਨਾ ਮਸਾਲਾ ਭਰੇ ਕਰੇਲੇ, ਸੁੱਕੀ ਅਰਬੀ, ਜ਼ੀਰਾ ਦਹੀਂ, ਸ਼ਿਕੰਜਵੀਂ, ਖੁਸ਼ਕ (ਬਿਨਾ ਘੀ ਤੋਂ) ਆਲੂ-ਪਰਾਂਠਾ ਆਦਿ ਉਸ ਦੇ ਘਰ ਬੜੀ ਖੁਸ਼ੀ ਨਾਲ ਖਾਧੇ ਜਾਂਦੇ ਹਨ। ਚਾਹ ਅਤੇ ਦੁੱਧ ਉਹ ਫਿੱਕਾ ਵਰਤਾਉਂਦੀ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਖੰਡ ਕੇਵਲ ਜੀਭ ਦਾ ਸੁਆਦ ਹੀ ਦਿੰਦੀ ਹੈ। ਉਹ ਦੱਸਦੀ ਹੈ ਕਿ ਉਸ ਦੀ ਚੇਤਨਾ ਨੂੰ ਦੇਖਦੇ ਹੋਏ ਮਾਰਕੀਟਿੰਗ/ਨੈੱਟਵਰਕਿੰਗ ਕਰਨ ਵਾਲੇ ਕਈ ਉੱਦਮੀਆਂ ਨੇ ਉਸ ਨੂੰ ਆਪਣੇ ਪ੍ਰਾਡਕਟਸ ਦਿਖਾਏ ਪਰ ਉਹ ਇਸ ਸਭ ਪਿੱਛੇ ਲੁਕੇ ਕੰਪਨੀਆਂ ਦੇ ਏਜੰਡੇ ਨੂੰ ਸਮਝਦੀ ਹੈ। ਉਹ ਮੰਨਦੀ ਹੈ ਕਿ ਕਿਸੇ ਵੀ ਮਾਰਕੀਟਿੰਗ/ਨੈੱਟਵਰਕਿੰਗ ਕੰਪਨੀ ਨੂੰ ਉਸ ਦੇ ਪਰਿਵਾਰ ਦੀ ਸਿਹਤ ਦੀ ਨਹੀਂ ਆਪਣੇ ਕਾਰੋਬਾਰ ਦੀ ਹੀ ਚਿੰਤਾ ਹੋ ਸਕਦੀ ਹੈ। ਸੋ, ਉਹ ਕਿਸੇ ਏਜੰਟ ਦੇ ਝਾਂਸੇ ਵਿੱਚ ਨਹੀਂ ਆਈ।
ਜੇਕਰ ਸਵਾਲ ਕੀਤਾ ਜਾਵੇ ਕਿ ਰਸੋਈ ਕਲਾ ਵਿੱਚ ਨਿਪੁੰਨਤਾ ਅਤੇ ਕੁਝ ਵੀ ਵਿਅਰਥ ਨਾ ਜਾਣ ਦੇਣ ਦਾ ਉਸ ਦਾ ਜੋ ਜੀਵਣ-ਢੰਗ ਹੈ ਉਸ ਪਿੱਛੇ ਉਸ ਦਾ ਆਦਰਸ਼ ਕੌਣ ਹੈ ਤਾਂ ਉਹ ਕੁਝ ਵੀ ਨਹੀਂ ਦੱਸ ਪਾਉਂਦੀ। ਬਸ ਐਨਾ ਕਹਿੰਦੀ ਹੈ, "ਮੈਨੂੰ ਤਾਂ ਕੁਝ ਵੀ ਖਾਸ ਨਹੀਂ ਲੱਗਦਾ ਮੇਰੇ 'ਚ, ਆਦਰਸ਼ ਕਿਸ ਨੂੰ ਕਹਾਂ? ਬਸ ਜ਼ਿੰਦਗੀ ਦਾ ਸਫਰ ਤੈਅ ਕਰਦੇ-ਕਰਦੇ, ਜੋ ਕੁਝ ਚੰਗਾ ਮਿਲਦਾ ਗਿਆ, ਉਸੇ ਨੂੰ ਗ੍ਰਹਿਣ ਕਰਦੀ ਗਈ। ਹਾਂ, ਮਾਤਾ ਜੀ ਨਾਲ ਲਗਾਵ ਬਹੁਤ ਰਿਹਾ, ਉਨ੍ਹਾਂ ਨੇ ਘਰੇਲੂ ਜੀਵਨ-ਜਾਂਚ ਬਖਸ਼ੀ"।
ਕਿਸੇ ਔਖੇ ਵੇਲੇ ਘਰ 'ਚ ਸਬਜ਼ੀ ਨਾ ਹੋਵੇ ਤਾਂ ਕੇਲੇ, ਅੰਬ, ਚਿੱਬੜ੍ਹ, ਪਿਆਜ਼, ਦਹੀਂ ਜੋ ਕੁਝ ਵੀ ਮਿਲੇ ਉਸੇ ਨੂੰ ਰਿੰਨ੍ਹ ਕੇ ਸਬਜ਼ੀ ਤਿਆਰ ਕਰਨਾ ਉਸ ਲਈ ਕੋਈ ਵਰਣਨਯੋਗ ਉਪਲਬਧੀ ਨਹੀਂ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕਿਉਂਕਿ ਉਹ ਕੋਈ ਵੀ ਚੀਜ਼ ਬੇਕਾਰ ਨਹੀਂ ਸੁੱਟਦੀ, ਤਾਂ ਕੀ ਸਵੱਛ ਭਾਰਤ ਅਭਿਆਨ ਅਧੀਨ ਉਸ ਨੂੰ ਕੋਈ ਮਾਨ-ਸਨਮਾਨ ਨਹੀਂ ਮਿਲਣਾ ਚਾਹੀਦਾ ਤਾਂ ਉਹ ਇੱਕ ਛੋਟੀ ਬਾਲੜੀ ਦੀ ਤਰ੍ਹਾਂ ਮੂੰਹ ਤੱਕਣ ਲੱਗ ਪਈ - ਸ਼ਾਇਦ ਉਸ ਨੂੰ ਆਪਣੇ 'ਚ ਕੁਝ ਵੀ ਖਾਸ ਨਹੀਂ ਲੱਗਦਾ। ਜਦੋਂ ਇਨਸਾਨ ਕੇਵਲ ਆਪਣੀ ਖੁਸ਼ੀ ਲਈ ਕੋਈ ਕੰਮ ਕਰਦਾ ਹੈ ਤਾਂ ਉਸ ਦਾ ਅਜਿਹਾ ਵਰਤਾਰਾ ਸੁਭਾਵਿਕ ਹੀ ਹੁੰਦਾ ਹੈ। ਭਾਵੇਂ ਰੀਟਾ ਇੱਕ ਆਮ ਦੁਨਿਆਵੀ ਔਰਤ ਹੀ ਹੈ ਪਰ ਇਸ ਔਖੀ ਘੜ੍ਹੀ ਵਿੱਚ ਜਦੋਂ ਬਹੁਤੇ ਪਰਿਵਾਰ ਤੰਗੀ-ਤੁਲਸੀ ਦੇ ਦੌਰ 'ਚੋਂ ਲੰਘ ਰਹੇ ਹਨ ਤਾਂ ਉਸ ਦੀਆਂ ਸਾਦੀਆਂ ਤਕਨੀਕਾਂ ਕਈ ਮੱਧ ਵਰਗੀ ਪਰਿਵਾਰਾਂ ਲਈ ਪ੍ਰੇਰਣਾ ਸ੍ਰੋਤ ਹੋ ਸਕਦੀਆਂ ਹਨ।

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

PunjabKesari