ਸੰਗਰੂਰ,(ਵਿਜੈ ਕੁਮਾਰ ਸਿੰਗਲਾ) - ਬੀਤੇ ਦਿਨੀਂ ਢੀਂਡਸਾ ਗਰੁੱਪ ਨੂੰ ਛੱਡਕੇ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਵੱਡੀ ਗਿਣਤੀ ਵਿੱਚ ਸੀਨੀਅਰ ਆਗੂਆਂ ਵਲੋਂ ਬਾਦਲ ਪਿੰਡ ਵਿਖੇ ਪੁੱਜ ਕੇ ਮਾਂ-ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ 'ਘਰ ਵਾਪਸੀ' ਕੀਤੀ ਗਈ ਸੀ। ਅੱਜ ਇਨ੍ਹਾਂ ਸ੍ਰੋਮਣੀ ਅਕਾਲੀ ਦਲ 'ਚ ਵਾਪਸੀ ਕਰਨ ਵਾਲੇ ਆਗੂਆਂ 'ਚੋਂ ਸਰਦਾਰ ਸੁਖਵਿੰਦਰ ਸਿੰਘ ਸੁੱਖ ਸਾਬਕਾ ਓ. ਐਸ. ਡੀ. ਪਰਮਿੰਦਰ ਢੀਂਡਸਾ ਅਤੇ ਸਰਦਾਰ
ਖੁਸਪਾਲ ਸਿੰਘ ਬੀਰਕਲਾਂ ਸਾਬਕਾ ਜਿਲ੍ਹਾ ਪ੍ਰਧਾਨ ਯੂਥ ਵਿੰਗ ਅਤੇ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਕੀਤੀ ਗਈ। ਭਾਈ ਲੌਂਗੋਵਾਲ ਵੱਲੋਂ ਘਰ ਵਾਪਸੀ ਕਰਨ ਵਾਲੇ ਇਨ੍ਹਾਂ ਆਗੂਆਂ ਨੂੰ ਜੀ ਆਇਆ ਆਖਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਲੰਬੇ ਸਮੇਂ ਤੋਂ ਅਪਣੇ ਨਿੱਜੀ ਸਵਾਰਥਾਂ ਲਈ ਪਾਰਟੀ ਨੂੰ ਵਰਤਿਆ ਹੈ ਤੇ ਹੁਣ ਨਿੱਜੀ ਹਿੱਤਾਂ ਦੀ ਲਾਲਸਾ ਨੂੰ ਮੁੱਖ ਰੱਖ ਕੇ ਪਾਰਟੀ ਦੇ ਵਿਰੁੱਧ ਹੋ ਗਏ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸਾਰੇ ਪਾਰਟੀ ਵਿਚ ਵਾਪਸੀ ਕਰਨ ਵਾਲੇ ਆਗੂਆਂ ਤੇ ਵਰਕਰਾਂ ਦਾ ਉਹ ਸਵਾਗਤ ਕਰਦੇ ਹਨ ਅਤੇ ਸਾਰਿਆਂ ਨੂੰ ਹੀ ਪਾਰਟੀ ਅੰਦਰ ਬਣਦਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਪਾਰਟੀ ਵਿੱਚ ਵਾਪਸੀ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਉਹ ਟਕਸਾਲੀ ਅਕਾਲੀ ਪਰਿਵਾਰਾਂ ਵਿੱਚੋਂ ਹਨ ਅਤੇ ਹੁਣ ਵੀ ਉਹ ਸ੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਲਈ ਵਚਨਬੱਧ ਹਨ। ਸੁਖਵਿੰਦਰ ਸਿੰਘ ਸੁੱਖ ਅਤੇ ਖੁਸ਼ਪਾਲ ਸਿੰਘ ਬੀਰਕਲਾਂ ਨੇ ਇਸ ਮੌਕੇ ਕਿਹਾ ਕਿ ਅਸੀਂ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ। ਢੀਂਡਸਾ ਪਰਿਵਾਰ ਨੇ ਹਮੇਸ਼ਾ ਹੀ ਮੌਕਾਪ੍ਰਸਤੀ ਦੀ ਰਾਜਨੀਤੀ ਕੀਤੀ ਹੈ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ। ਇਸ ਮੌਕੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਜਥੇਦਾਰ ਰਘਬੀਰ ਸਿੰਘ ਜਖੇਪਲ, ਡਾਕਟਰ ਜਗਜੀਤ ਸਿੰਘ ਮਿੱਠੀ, ਦਰਸ਼ਨ ਸਿੰਘ ਮੰਡੇਰ ਪੀਏ ਭਾਈ ਲੌਂਗੋਵਾਲ, ਭਾਈ ਕੁਲਦੀਪ ਸਿੰਘ ਬੱਗਾ ਅਤੇ ਹੋਰ ਆਗੂ ਤੇ ਵਰਕਰ ਸਹਿਬਾਨ ਹਾਜਰ ਸਨ।