ਲੁਧਿਆਣਾ,(ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨੀਟ ਨੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇਕ ਨਸ਼ਾ ਸਮੱਗਲਰ ਨੂੰ ਇਕ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਥਾਣੇਦਾਰ ਮੱਖਣ ਸਿੰਘ ਦੀ ਪੁਲਸ ਪਾਰਟੀ ਨੂਰਵਾਲਾ ਰੋਡ 'ਤੇ ਮੌਜੂਦ ਸੀ ਤਾਂ ਉਸੇ ਸਮੇਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਮੋਟਰਸਾਈਕਲ 'ਤੇ ਆ ਰਿਹਾ ਹੈ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਨੂਰਵਾਲਾ ਰੋਡ 'ਤੇ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਚੈਕਿੰਗ ਲਈ ਰੋਕਿਆ ਤਾਂ ਤਲਾਸ਼ੀ ਦੌਰਾਨ ਉਸ ਤੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਇਕ ਕਰੋੜ ਦੱਸੀ ਜਾ ਰਹੀ ਹੈ। ਐੱਸ.ਟੀ.ਐੱਫ. ਦੀ ਟੀਮ ਨੇ ਤੁਰੰਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੀ ਪਛਾਣ ਮੁਹੰਮਦ ਇਮਰਾਨ ਉਮਰ 32 ਸਾਲ ਪੁੱਤਰ ਮੁਹੰਮਦ ਅਜੀਜ ਵਾਸੀ ਮੁਹੱਲਾ ਨਿਊ ਬਸੰਤ ਵਿਹਾਰ, ਕਾਕੋਵਾਲਹ ਰੋਡ ਵਜੋਂ ਕੀਤੀ ਗਈ। ਪੁਲਸ ਨੇ ਮੁਜ਼ਰਮ ਖਿਲਾਫ ਥਾਣਾ ਬਸਤੀ ਜੋਧੇਵਾਲ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਜ਼ਰਮ ਖੁਦ ਵੀ ਨਸ਼ੇ ਦਾ ਆਦੀ

ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਫੜਿਆ ਗਿਆ ਮੁਜ਼ਰਮ ਇਕ ਸਾਲ ਤੋਂ ਹੈਰੋਇਨ ਵੇਚ ਰਿਹਾ ਹੈ, ਜੋ ਖੁਦ ਵੀ ਨਸ਼ੇ ਦਾ ਆਦੀ ਹੈ। ਪਹਿਲਾਂ ਟੀ-ਸ਼ਰਟ ਕਟਿੰਗ ਕਰਨ ਦਾ ਕੰਮ ਕਰਦਾ ਸੀ। ਕੰਮ ਨਾ ਚੱਲਣ ਕਾਰਨ ਮੁਜ਼ਰਮ ਨੇ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। ਮੁਜ਼ਰਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂਕਿ ਉਸ ਦੇ ਸਾਥੀਆਂ ਦਾ ਵੀ ਪਤਾ ਲਗ ਸਕੇ।