ਮਾਸਕੋ (ਏਪੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਨੂੰ ਸਾਲ 2036 ਤੱਕ ਸੱਤਾ ਵਿਚ ਬਰਕਰਾਰ ਰੱਖਣ ਦੀ ਆਗਿਆ ਵਾਲੀ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਦੇ ਲਈ ਸ਼ੁੱਕਰਵਾਰ ਨੂੰ ਹੁਕਮ ਦਿੱਤੇ। ਇਕ ਹਫਤਾ ਲੰਬੇ ਚੱਲੀ ਰਾਇਸ਼ੁਮਾਰੀ ਦੌਰਾਨ ਵੋਟਰਾਂ ਵਲੋਂ ਬਦਲਾਅ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਹੁਕਮ ਦਿੱਤੇ ਗਏ ਹਨ।

ਸੰਵਿਧਾਨਕ ਸੋਧ ਦੇ ਇਕ ਹੁਕਮ 'ਤੇ ਦਸਤਖਤ ਕਰਨ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਸੋਧ ਲਾਗੂ ਹੁੰਦੀ ਹੈ। ਇਹ ਲੋਕਾਂ ਦੀ ਮਰਜ਼ੀ ਨਾਲ ਪ੍ਰਭਾਵੀ ਹੋ ਜਾਂਦੀ ਹੈ, ਇਸ ਨੂੰ ਲਾਗੂ ਕੀਤੇ ਬਿਨਾਂ ਹੀ। ਸੋਧ ਦਾ ਮਸੌਦਾ ਤਿਆਰ ਕਰਨ ਵਾਲੇ ਸੰਸਦ ਮੈਂਬਰਾਂ ਨਾਲ ਵੀਡੀਓ ਕਾਰਫਰੰਸ ਦੌਰਾਨ ਰੂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਬਤੌਰ ਇਕ ਦੇਸ਼ ਇਹ ਮਹੱਤਵਪੂਰਨ ਫੈਸਲਾ ਅਸੀਂ ਮਿਲ ਕੇ ਲਿਆ ਹੈ। ਰੂਸ ਦੀ ਸਰਕਾਰ ਵਲੋਂ ਜਾਰੀ ਹੁਕਮ ਦੀ ਕਾਪੀ ਦੇ ਮੁਕਾਬਕ ਸੋਧ ਸ਼ਨੀਵਾਰ ਤੋਂ ਪ੍ਰਭਾਵੀ ਹੋ ਜਾਵੇਗੀ। ਇਨ੍ਹਾਂ ਬਦਲਾਵਾਂ ਦੇ ਨਾਲ ਪੁਤਿਨ ਨੂੰ ਵਰਤਮਾਨ ਕਾਰਜਕਾਲ ਤੋਂ ਬਾਅਦ ਵੀ 6 ਸਾਲ ਦੇ ਦੋ ਕਾਰਜਕਾਲ ਦੇ ਲਈ ਆਗਿਆ ਮਿਲ ਜਾਵੇਗੀ। ਉਨ੍ਹਾਂ ਦਾ ਵਰਤਮਾਨ ਕਾਰਜਕਾਲ 2024 ਵਿਚ ਖਤਮ ਹੋਵੇਗਾ। ਸੋਧ ਮੁਤਾਬਕ ਸਮਾਨ-ਲਿੰਗ ਵਿਆਹ ਨੂੰ ਵੀ ਅਸਵਿਕਾਰ ਕੀਤਾ ਗਿਆ ਹੈ। ਨਾਲ ਹੀ ਇਹ ਅੰਤਰਰਾਸ਼ਟਰੀ ਨਿਯਮਾਂ 'ਤੇ ਰੂਸੀ ਕਾਨੂੰਨ ਦੀ ਪ੍ਰਧਾਨਤਾ 'ਤੇ ਜ਼ੋਰ ਦਿੰਦਾ ਹੈ। ਪੁਤਿਨ ਨੇ ਜਨਵਰੀ ਵਿਚ ਸੰਵਿਧਾਨ ਸੋਧ ਦਾ ਪ੍ਰਸਤਾਵ ਕੀਤਾ ਸੀ। ਉਨ੍ਹਾਂ ਨੇ ਅੱਗੇ ਵੀ ਆਪਣੇ ਅਹੁਦੇ 'ਤੇ ਬਰਕਰਾਰ ਰਹਿਣ ਤੇ ਹੋਰ ਮਾਮਲਿਆਂ ਨੂੰ ਲੈ ਕੇ ਦੇਸ਼ਭਰ ਵਿਚ ਰਾਇਸ਼ੁਮਾਰੀ ਦਾ ਸੱਦਾ ਦਿੱਤਾ ਸੀ। ਹਾਲਾਂਕਿ ਰੂਸ ਦੀ ਸੰਸਦ ਵਿਚ ਬਦਲਾਅ 'ਤੇ ਮੋਹਰ ਤੋਂ ਬਾਅਦ ਕਾਨੂੰਨੀ ਰੂਪ ਨਾਲ ਰਾਇਸ਼ੁਮਾਰੀ ਦੀ ਕੋਈ ਲੋੜ ਨਹੀਂ ਸੀ। 

ਸ਼ੁਰੂਆਤ ਵਿਚ ਰਾਇਸ਼ੁਮਾਰੀ ਦੇ ਲਈ 22 ਅਪ੍ਰੈਲ ਦੀ ਤਰੀਕ ਤੈਅ ਕੀਤੀ ਗਈ ਸੀ ਪਰ ਕੋਰਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਨੂੰ ਟਾਲ ਦਿੱਤਾ ਗਿਆ। ਇਸ ਤੋਂ ਬਾਅਦ ਵੋਟਰਾਂ 'ਤੇ ਦਬਾਅ ਤੇ ਹੋਰ ਬੇਨਿਯਮੀਆਂ ਦੇ ਦੋਸ਼ਾਂ ਦੇ ਵਿਚਾਲੇ ਬੁੱਧਵਾਰ ਨੂੰ ਵੋਟਿੰਗ ਪੂਰੀ ਹੋਈ। ਕ੍ਰੇਮਲਿਨ ਨਿੰਦਕਾਂ ਨੇ ਨਤੀਜਿਆਂ ਦੀ ਨਿੰਦਾ ਕੀਤੀ ਸੀ। ਹਾਲਾਂਕਿ ਕੇਂਦਰੀ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ।