ਕਾਸ਼ੀਪੁਰ - ਨਵਾਂ ਪ੍ਰੇਮੀ ਮਿਲ ਜਾਣ ਤੋਂ ਬਾਅਦ ਪ੍ਰੇਮਿਕਾ ਨੇ ਪੁਰਾਣੇ ਪ੍ਰੇਮੀ ਤੋਂ ਪਿੱਛਾ ਛੁਡਾਉਣ ਲਈ ਨਵੇਂ ਪ੍ਰੇਮੀ ਨਾਲ ਮਿਲ ਕੇ ਉਸ ਦਾ ਕਤਲ ਕਰਾ ਦਿੱਤਾ। 22 ਸਾਲਾ ਕੁਲਦੀਪ ਸਿੰਘ ਦੀ ਲਾਸ਼ ਵੀਰਵਾਰ ਨੂੰ ਇੱਕ ਨਾਲੇ 'ਚੋਂ ਬਰਾਮਦ ਹੋਈ। ਪਿਆਰ ਦੇ ਇਸ ਖੂਨੀ ਖੇਡ ਦੀ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਸ ਨੇ ਦੋਸ਼ੀ ਮੁਟਿਆਰ ਅਤੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਤਿਕੋਣੇ ਪਿਆਰ ਦਾ ਇਹ ਮਾਮਲਾ ਕਾਸ਼ੀਪੁਰ ਦਾ ਹੈ। 4 ਦਿਨ ਪਹਿਲਾਂ ਰਾਤ ਨੂੰ ਸੈਰ ਲਈ ਨਿਕਲਿਆ ਕੁਲਦੀਪ ਰਹੱਸਮਈ ਹਾਲਾਤਾਂ 'ਚ ਲਾਪਤਾ ਹੋ ਗਿਆ ਸੀ। ਪਰਿਵਾਰ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ, ਉਦੋਂ ਤੋਂ ਪੁਲਸ ਕੁਲਦੀਪ ਦੀ ਤਲਾਸ਼ 'ਚ ਲੱਗੀ ਹੋਈ ਸੀ। ਨਾਲ ਹੀ ਪੁਲਸ ਨੇ ਕੁਲਦੀਪ ਦਾ ਨੰਬਰ ਸਰਵਿਲਾਂਸ 'ਤੇ ਲਗਾਇਆ ਤਾਂ ਪਤਾ ਲੱਗਾ ਕਿ ਕੁਲਦੀਪ ਇਲਾਕੇ ਦੀ ਹੀ ਸੁਖਵਿੰਦਰ ਕੌਰ ਅਤੇ ਅਲੀ ਹੁਸੈਨ ਦੇ ਸੰਪਰਕ 'ਚ ਸੀ। ਵੀਰਵਾਰ ਦੇਰ ਰਾਤ ਕੁਲਦੀਪ ਦੀ ਲਾਸ਼ ਇੱਕ ਨਾਲੇ 'ਚੋਂ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਰਿਪੋਰਟ 'ਚ ਕੁਲਦੀਪ ਦੀ ਮੌਤ ਗਲਾ ਦਬਾਉਣ ਨਾਲ ਹੋਣਾ ਸਾਹਮਣੇ ਆਇਆ। ਇਸ ਤੋਂ ਬਾਅਦ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਸੁਖਵਿੰਦਰ ਕੌਰ ਅਤੇ ਅਲੀ ਹੁਸੈਨ ਨੂੰ ਹਿਰਾਸਤ 'ਚ ਲਿਆ। ਪੁਲਸ ਦੀ ਪੁੱਛਗਿਛ 'ਚ ਦੋਵਾਂ ਨੇ ਤਿਕੋਣਾ ਪਿਆਰ ਅਤੇ ਕਤਲ ਦੀ ਸਾਜ਼ਿਸ਼ ਦੀ ਸਾਰੀ ਕਹਾਣੀ ਬਿਆਨ ਕੀਤੀ। 

ਮਿਲਣ ਦੇ ਬਹਾਨੇ ਬੁਲਾਇਆ ਅਤੇ ਪਿਲਾਇਆ ਜ਼ਹਿਰੀਲਾ ਦੁੱਧ
ਪੁਲਸ ਅਧਿਕਾਰੀਆਂ ਮੁਤਾਬਕ, ਕੁਲਦੀਪ ਅਤੇ ਸੁਖਵਿੰਦਰ ਦਾ ਪ੍ਰੇਮ ਸੰਬੰਧ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਇਸ ਦੌਰਾਨ ਸੁਖਵਿੰਦਰ ਨੇੜੇ ਹੀ ਰਹਿਣ ਵਾਲੇ ਅਲੀ ਹੁਸੈਨ ਦੇ ਸੰਪਰਕ 'ਚ ਵੀ ਆਈ ਅਤੇ ਦੋਵਾਂ ਦਾ ਪਿਆਰ ਵਧਣਾ ਸ਼ੁਰੂ ਹੋ ਗਿਆ।  ਕੁਲਦੀਪ ਨੂੰ ਸੁਖਵਿੰਦਰ ਦਾ ਅਲੀ ਹੁਸੈਨ ਨੂੰ ਮਿਲਣਾ ਵਧੀਆ ਨਹੀਂ ਲੱਗਦਾ ਸੀ। ਨਵੇਂ ਪ੍ਰੇਮੀ ਦੇ ਮਿਲ ਜਾਣ ਤੋਂ ਬਾਅਦ ਸੁਖਵਿੰਦਰ ਵੀ ਪੁਰਾਣੇ ਪ੍ਰੇਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਪਿਆਰ ਦੇ ਇਸ ਜਨੂੰਨ 'ਚ ਹੀ ਦੋਵਾਂ ਨੇ ਕੁਲਦੀਪ ਨੂੰ ਰਸਤੇ ਤੋਂ ਹਟਾਉਣ ਦੀ ਸਾਜਿਸ਼ ਰਚੀ।

ਪੁਲਸ ਮੁਤਾਬਕ ਪਹਿਲਾਂ ਸੁਖਵਿੰਦਰ ਨੇ ਕੁਲਦੀਪ ਨੂੰ ਮਿਲਣ ਦੇ ਬਹਾਨੇ ਇੱਕ ਬਾਗ 'ਚ ਬੁਲਾਇਆ ਅਤੇ ਉਸ ਨੂੰ ਜ਼ਹਿਰ ਮਿਲਾਇਆ ਹੋਇਆ ਦੁੱਧ ਪਿਲਾਇਆ। ਥੋੜ੍ਹਾ ਦੁੱਧ ਪੀਂਦੇ ਹੀ ਕੁਲਦੀਪ ਨੂੰ ਸ਼ੱਕ ਹੋਇਆ ਅਤੇ ਉਸ ਨੇ ਬਚਿਆ ਹੋਇਆ ਦੁੱਧ ਸੁੱਟ ਦਿੱਤਾ। ਇਸ ਤੋਂ ਬਾਅਦ ਉੱਥੇ ਪਹਿਲਾਂ ਤੋਂ ਮੌਜੂਦ ਅਲੀ ਹੁਸੈਨ ਨੇ ਕੁਲਦੀਪ ਦਾ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਅਤੇ ਕੁਲਦੀਪ ਦੀ ਲਾਸ਼ ਨੇੜਲੇ ਨਾਲੇ 'ਚ ਸੁੱਟ ਦਿੱਤੀ। ਕਾਸ਼ੀਪੁਰ ਕੋਤਵਾਲ ਚੰਦਰ ਮੋਹਨ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਤਹਰੀਰ ਦੇ ਆਧਾਰ 'ਤੇ ਦੋਵਾਂ ਦੋਸ਼ੀਆਂ 'ਤੇ ਬਣਦੀਆਂ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।