ਹੂਵਰ- ਅਮਰੀਕਾ ਵਿਚ ਅਲਬਾਮਾ ਸੂਬੇ ਦੇ ਇਕ ਸ਼ਾਪਿੰਗ ਮਾਲ ਵਿਚ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ਵਿਚ 8 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ। 

ਹੂਵਰ ਪੁਲਸ ਮੁਖੀ ਨਿਕ ਡਰਜਿਸ ਨੇ ਦੱਸਿਆ ਕਿ ਰਿਵਰਚੇਜ ਗੈਲੇਰੀਆ ਵਿਚ ਦੁਪਹਿਰ ਸਮੇਂ ਹੋਈ ਗੋਲੀਬਾਰੀ ਵਿਚ ਇਕ ਬੱਚੇ ਦੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਇਕ ਲੜਕੀ ਅਤੇ ਦੋ ਬਾਲਗਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੇ ਨਾਮ ਜਾਰੀ ਨਹੀਂ ਕੀਤੇ। ਪੁਲਸ ਨੇ ਗੋਲੀਬਾਰੀ ਦਾ ਕੋਈ ਕਾਰਨ ਨਹੀਂ ਦੱਸਿਆ । ਪੁਲਸ ਕੁਝ ਮਹੱਤਵਪੂਰਣ ਸੁਰਾਗਾਂ 'ਤੇ ਕੰਮ ਕਰ ਰਹੀ ਹੈ ਪਰ ਇਹ ਨਹੀਂ ਕਿਹਾ ਕਿ ਸ਼ੱਕੀਆਂ ਦੀ ਪਛਾਣ ਕੀਤੀ ਗਈ ਸੀ ਜਾਂ ਨਹੀਂ।

 

ਮੇਅਰ ਫਰੈਂਕ ਬ੍ਰੋਕਾਟੋ ਨੇ ਕਿਹਾ ਕਿ ਅਸੀਂ ਪ੍ਰਭਾਵਿਤ ਲੋਕਾਂ ਲਈ ਅਰਦਾਸ ਕਰਦੇ ਹਾਂ। ਪੁਲਸ ਕਪਤਾਨ ਗ੍ਰੇਗ ਰੈਕਟਰ ਨੇ ਕਿਹਾ ਕਿ ਮਾਲ ਦੇ ਅੰਦਰ ਫੂਡ ਕੋਰਟ ਦੇ ਨਜ਼ਦੀਕ ਕਈ ਗੋਲੀਆਂ ਚਲਾਈਆਂ ਗਈਆਂ। ਰੈਕਟਰ ਨੇ ਕਿਹਾ, "ਸਾਨੂੰ ਅਜੇ ਪਤਾ ਨਹੀਂ ਹੈ ਕਿ ਗੋਲੀਬਾਰੀ ਕਿਉਂ ਕੀਤੀ ਗਈ ਜਾਂ ਇਸ ਘਟਨਾ ਵਿਚ ਕਿੰਨੇ ਹਮਲਾਵਰ ਸ਼ਾਮਲ ਹੋਏ।"