ਗੁਰਦਾਸਪੁਰ (ਹਰਮਨ, ਵਿਨੋਦ, ਸਰਬਜੀਤ) - ਜ਼ਿਲਾ ਪੁਲਸ ਨੇ 29 ਜੂਨ ਦੀ ਰਾਤ ਨੂੰ ਪੁਲਸ ਦੀ ਵਰਦੀ ਪਾ ਕੇ ਪਿੰਡ ਝੰਡੇ ਚੱਕ 'ਚ ਰਾਤ ਸਮੇਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਖਤਰਨਾਕ ਮੁਲਜ਼ਮਾਂ ਨੂੰ ਗੋਲੀ-ਸਿੱਕੇ ਅਤੇ ਵਾਰਦਾਤ ਮੌਕੇ ਵਰਤੀ ਕਰੇਟਾ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਜ਼ਿਲ੍ਹਾ ਪੁਲਸ ਹੈੱਡਕੁਆਟਰਜ਼ ਵਿਖੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 29 ਜੂਨ ਦੀ ਰਾਤ ਨੂੰ 10 ਵਜੇ ਦੇ ਕਰੀਬ ਪਿੰਡ ਝੰਡੇ ਚੱਕ ਵਿਖੇ ਮਹਾਜਨ ਕਰਿਆਨਾ ਸਟੋਰ ਅਤੇ ਘਰ ਵਿਖੇ ਇਕ ਵਿਅਕਤੀ ਪੁਲਸ ਦੀ ਵਰਦੀ ਪਾ ਕੇ ਆਇਆ, ਜਿਸ ਨੇ ਘਰ/ਸਟੋਰ ਦਾ ਦਰਵਾਜ਼ਾ ਖੜਕਾਇਆ। ਘਰ ਦੇ ਮਾਲਕ ਨੇ ਪੁਲਸ ਦੀ ਵਰਦੀ ਦੇਖ ਕੇ ਪਹਿਲਾਂ ਸ਼ੱਕ ਨਹੀਂ ਕੀਤਾ। ਜਦੋਂ ਦਰਵਾਜ਼ਾ ਖੁੱਲਾ ਤਾਂ ਤੁਰੰਤ 4 ਹੋਰ ਵਿਅਕਤੀ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਹਥਿਆਰਾਂ ਦੀ ਨੌਕ 'ਤੇ ਉਕਤ ਪਰਿਵਾਰ ਕੋਲੋਂ ਨਕਦੀ ਅਤੇ ਸੋਨਾ ਲੁੱਟ ਲਿਆ ਸੀ।

ਇਹ ਵੀ ਪੜ੍ਹੋਂ : ਸਿੱਖ ਫਾਰ ਜਸਟਿਸ ਨੂੰ ਲੈ ਕੇ ਅੰਮ੍ਰਿਤਸਰ 'ਚ ਅਲਰਟ, ਗੁਰੂ ਘਰ ਦੀ ਵਧਾਈ ਗਈ ਸੁਰੱਖਿਆ

ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਘਰੋਂ ਪੈਦਲ ਹੀ ਨਿਕਲੇ ਤਾਂ ਨਿਸ਼ਾਂਤ ਮਹਾਜਨ ਅਤੇ ਉਸ ਦੇ ਭਰਾ ਨੇ ਆਪਣੀ ਕਾਰ ਰਾਹੀਂ ਲੁਟੇਰਿਆਂ ਦਾ ਪਿੱਛਾ ਕੀਤਾ। ਕੁਝ ਦੂਰੀ 'ਤੇ ਖੜ੍ਹੀ ਕਾਰ 'ਚ ਸਵਾਰ ਹੋ ਕੇ ਜਦੋਂ ਉਕਤ ਲੁਟੇਰੇ ਫਰਾਰ ਹੋਣ ਲੱਗੇ ਤਾਂ ਨਿਸ਼ਾਂਤ ਨੇ ਆਪਣੀ ਗੱਡੀ ਲੁਟੇਰਿਆਂ ਦੀ ਗੱਡੀ ਦੇ ਪਿੱਛੇ ਮਾਰ ਦਿੱਤੀ। ਇਸ ਦੌਰਾਨ ਲੁਟੇਰਿਆਂ ਦੀ ਗੱਡੀ ਪਿਛਲੇ ਪਾਸਿਓਂ ਨੁਕਸਾਨੀ ਗਈ ਅਤੇ ਪੁਲਸ ਦੀ ਵਰਦੀ 'ਚ ਆਏ ਲੁਟੇਰੇ ਨੂੰ ਸੱਟ ਵੀ ਲੱਗ ਗਈ। ਸੂਚਨਾ ਮਿਲਣ 'ਤੇ ਪੁਲਸ ਨੇ ਨਾਕਾਬੰਦੀ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ ਅਤੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਜ਼ਿਲ੍ਹਾ ਪੁਲਸ ਮੁਖੀ ਰਜਿੰਦਰ ਸਿੰਘ ਸੋਹਲ ਵਲੋਂ ਗਠਿਤ ਟੀਮ 'ਚ ਐੱਸ. ਪੀ. ਇੰਸਵੈਸਟੀਗੇਸ਼ਨ ਤੋਂ ਇਲਾਵਾ ਮਹੇਸ਼ ਸੈਣੀ ਡੀ. ਐੱਸ. ਪੀ., ਰਾਜੇਸ਼ ਕੱਕੜ ਡੀ. ਐੱਸ. ਪੀ., ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਅਮੋਲਕ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਵਾਰਦਾਤ ਨੂੰ 5 ਵਿਅਕਤੀਆਂ ਨੇ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋਂ : ਰਿਸ਼ਤੇ ਹੋ ਰਹੇ ਨੇ ਤਾਰ-ਤਾਰ, ਇਸ ਜ਼ਿਲ੍ਹੇ 'ਚ ਤਿੰਨ ਮਹੀਨਿਆਂ 'ਚ ਆਪਣਿਆਂ ਨੇ ਕੀਤਾ 8 ਲੋਕਾਂ ਦਾ ਕਤਲ

ਉਨ੍ਹਾਂ ਦੱਸਿਆ ਕਿ 2 ਦਿਨਾਂ 'ਚ ਹੀ ਕਾਰਵਾਈ ਕਰ ਕੇ ਪੁਲਸ ਨੇ ਇਸ ਘਟਨਾ 'ਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰ ਕੇ 3 ਲੁਟੇਰੇ ਕਾਬੂ ਕਰ ਲਏ ਹਨ। ਇਨ੍ਹਾਂ 'ਚ ਬਿਕਰਮਜੀਤ ਸਿੰਘ ਉਰਫ ਵਿੱਕੀ ਫੌਜੀ ਪੁੱਤਰ ਲਖਵਿੰਦਰ ਸਿੰਘ ਵਾਸੀ ਤੇਲੀਆ ਵਾਲਾ ਮੁਹੱਲਾ ਅਲੀਵਾਲ ਰੋਡ ਬਟਾਲਾ, ਮਨਜਿੰਦਰ ਸਿੰਘ ਉਰਫ ਮਿੰਟੂ ਪੁੱਤਰ ਰਾਜ ਸਿੰਘ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਅਤੇ ਪਰਮਜੀਤ ਸਿੰਘ ਪੰਮਾ ਪੁੱਤਰ ਮੋਹਨ ਸਿੰਘ ਵਾਸੀ ਗਾਂਧੀਆ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵੱਲੋਂ ਵਰਤੀ ਗਈ ਕਰੇਟਾ ਕਾਰ ਨੰਬਰ ਪੀ ਬੀ 18 ਵੀ 8393 ਅਤੇ 315 ਬੋਰ ਦੀ ਰਾਈਫਲ ਸਮੇਤ 24 ਰੌਂਦ, 12 ਬੋਰ ਦੀ ਰਾਇਫਲ 12 ਰੌਂਦਾਂ ਸਮੇਤ ਬਰਾਮਦ ਕੀਤੀ ਗਈ ਹੈ, ਜਦਕਿ ਇਕ ਪਿਸਟਲ ਪਹਿਲਾਂ ਹੀ ਮੌਕੇ 'ਤੋਂ ਬਰਾਮਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਲੁੱਟ ਦੀ ਰਕਮ 'ਚ 10 ਹਜ਼ਾਰ ਰੁਪਏ ਬਰਾਮਦਗੀ ਹੋਈ ਹੈ। ਉਕਤ ਲੁਟੇਰਿਆਂ ਦੇ 2 ਸਾਥੀ ਸੁਖਵਿੰਦਰ ਸਿੰਘ ਟਿੰਕੂ ਉਰਫ ਹਥੌੜਾ ਵਾਸੀ ਮਾਨ ਨਗਰ ਬਟਾਲਾ ਅਤੇ ਨੱਟੀ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਹੋਰ ਵਾਰਦਾਤਾਂ ਦਾ ਵੀ ਪਤਾ ਲਾਇਆ ਜਾਵੇਗਾ ਅਤੇ ਨਾਲ ਹੀ ਲੁੱਟ ਦਾ ਬਾਕੀ ਸਮਾਨ ਵੀ ਬਰਾਮਦ ਕੀਤਾ ਜਾਵੇਗਾ।