ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਕੋਲ 30 ਜੂਨ ਤੋਂ ਰਿਮਾਂਡ ’ਤੇ ਚੱਲ ਰਹੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ. ਐੱਲ. ਐੱਫ.) ਦੇ ਗ੍ਰਿਫਤਾਰ ਕੀਤੇ 3 ਮੈਂਬਰਾਂ ਨੂੰ ਮੁੜ ਪੁਲਸ ਨੇ ਸਮਾਣਾ ਵਿਖੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਪੁਲਸ ਨੇ 30 ਜੂਨ ਨੂੰ ਸੁਖਚੈਨ ਸਿੰਘ ਵਾਸੀ ਪਟਿਆਲਾ, ਅੰਮ੍ਰਿਤਪਾਲ ਸਿੰਘ ਵਾਸੀ ਮਾਨਸਾ ਅਤੇ ਜਸਪ੍ਰੀਤ ਸਿੰਘ ਵਾਸੀ ਮਜੀਠਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹ 3 ਜੁਲਾਈ ਤੱਕ ਪਟਿਆਲਾ ਪੁਲਸ ਕੋਲ ਰਿਮਾਂਡ ’ਤੇ ਚੱਲ ਰਹੇ ਸਨ, ਜਿਨ੍ਹਾ ਨੂੰ ਬੀਤੇ ਦਿਨ ਭਾਰੀ ਸੁਰੱਖਿਆ ਨਾਲ ਸਮਾਣਾ ਦੀ ਅਦਾਲਤ ’ਚ ਦੁਬਾਰਾ ਪੇਸ਼ ਕੀਤਾ ਗਿਆ।

ਇਨ੍ਹਾਂ ਦੇ ਇਕ ਹੋਰ ਸਾਥੀ ਲਵਪ੍ਰੀਤ ਸਿੰਘ ਵਾਸੀ ਕੈਥਲ ਨੂੰ ਹਾਲ ਹੀ 'ਚ ਦਿੱਲੀ ਪੁਲਸ ਨੇ ਕੇ. ਐੱਲ. ਐੱਫ. ਦੇ ਹੋਰ ਮੈਂਬਰਾਂ ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੇ ਸੰਪਰਕ 'ਚ ਆਏ ਸਨ। ਫਿਰ ਇਹ ਪਾਕਿਸਤਾਨ ਆਧਾਰਿਤ ਸੰਚਾਲਕਾਂ ਦੇ ਸੰਪਰਕ 'ਚ ਆਏ, ਜਿਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਭੜਕਾਇਆ।


: