ਆਟੋ ਡੈਸਕ– ਇਨ੍ਹੀ ਦਿਨੀਂ ਭਾਰਤ ’ਚ ਐੱਸ.ਯੂ.ਵੀ. ਗੱਡੀਆਂ ਦੀ ਮੰਗ ਤੇਜ਼ੀ ਨਾਲ ਵਧ ਗਈ ਹੈ। ਅਜਿਹੇ ’ਚ ਵਾਹਨ ਨਿਰਮਾਤਾ ਕੰਪਨੀਆਂ ਵੀ ਐੱਸ.ਯੂ.ਵੀ. ਕਾਰਾਂ ’ਤੇ ਹੀ ਧਿਆਨ ਕੇਂਦਰਿਤ ਕਰ ਰਹੀਆਂ ਹਨ। ਫੋਰਸ ਮੋਟਰਸ ਵੀ ਆਪਣੀ ਨਵੀਂ ਪੀੜ੍ਹੀ ਦੀ Gurkha SUV ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕਾਰ ਨੂੰ ਕੰਪਨੀ ਪਹਿਲਾਂ ਅਪ੍ਰੈਲ ’ਚ ਲਾਂਚ ਕਰਨ ਵਾਲੀ ਸੀ ਪਰ ਕੋਰੋਨਾ ਮਹਾਮਾਰੀ ਦੇ ਚਲਦੇ ਇਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ ਸੀ। 

ਵੇਖਣ ਨੂੰ ਮਿਲੇਗਾ ਨਵਾਂ ਡਿਜ਼ਾਇਨ 
ਨਵੀਂ ਗੁਰਖਾ ਨੂੰ ਇਕਦਮ ਨਵੇਂ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿਚ ਕਲਾਸਿਕ G-Class ਤੋਂ ਪ੍ਰੇਰਿਤ ਸਟਾਈਲ, ਵੱਡੇ ਸਨੋਰਕਲ ਨਾਲ ਗਰਿੱਲ ਅਤੇ ਨਵਾਂ ਬੰਪਰ ਲਗਾਇਆ ਗਿਆ ਹੈ। ਪ੍ਰੀਮੀਅਮ ਟੱਚ ਦੇਣ ਲਈ ਕਾਰ ਨਿਰਮਾਤਾ ਨੇ ਇਸ ਦੇ ਹੈੱਡਲੈਂਪਸ ’ਚ ਐੱਲ.ਈ.ਡੀ. ਐਲੀਮੈਂਟਸ ਨੂੰ ਸ਼ਾਮਲ ਕੀਤਾ ਹੈ। 

ਮਿਲਣਗੀਆਂ ਇਹ ਸੁਵਿਧਾਵਾਂ
ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਤੁਹਾਨੂੰ ਨਵਾਂ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਦੋ ਏਅਰਬੈਗ, ਏ.ਬੀ.ਐੱਸ., ਰੀਅਰ ਪਾਰਕਿੰਗ ਸੈਂਸਰ ਅਤੇ ਪਾਵਰ ਵਿੰਡੋ ਵਰਗੀਆਂ ਸੁਵਿਧਾਵਾਂ ਮਿਲਣਗੀਆਂ।

ਇੰਜਣ
ਨਵੀਂ ਗੁਰਖਾ ਨੂੰ ਕੰਪਨੀ ਬੀ.ਐੱਸ.-6 ਅਨੁਕੂਲ 2.6 ਲੀਟਰ ਡੀਜ਼ਲ ਇੰਜਣ ਨਾਲ ਲਾਂਚ ਕਰੇਗੀ, ਜੋ 90PS ਦੀ ਪਾਵਰ ਅਤੇ 280Nm ਦਾ ਟਾਰਕ ਪੈਦਾ ਕਰੇਗਾ। ਇਸ ਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੋਵੇਗਾ। ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨਾਲ ਇਕ 2.2 ਲੀਟਰ ਡੀਜ਼ਲ ਇੰਜਣ ਵਾਲਾ ਆਪਸ਼ਨ ਵੀ ਪੇਸ਼ ਕਰ ਸਕਦੀ ਹੈ। 

ਕੀਮਤ
ਦੱਸ ਦੇਈਏ ਕਿ ਫੋਰਸ ਨੇ ਬੀ.ਐੱਸ.-4 ਮਾਡਲ ਦੀ ਕੀਮਤ 9.75 ਲੱਖ ਰੁਪਏ ਤੋਂ 13.30 ਲੱਖ ਰੁਪਏ ਤਕ ਰੱਖੀ ਸੀ। ਉਥੇ ਹੀ ਮੌਜੂਦਾ ਮਾਡਲ ਦੇ ਮੁਕਾਬਲੇ ਨਵੀਂ ਜਨਰੇਸ਼ਨ ਗੁਰਖਾ ਦੀ ਕੀਮਤ ਇਸ ਤੋਂ 1 ਲੱਖ ਰੁਪਏ ਜ਼ਿਆਦਾ ਹੋਣ ਦੀ ਸੰਭਾਵਨਾ ਹੈ।