ਗੈਜੇਟ ਡੈਸਕ– ਭਾਰਤ ਸਰਕਾਰ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ 59 ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਵਿਚ ਟਿਕਟਾਕ ਵੀ ਸ਼ਾਮਲ ਸੀ। ਸਰਕਾਰ ਦੇ ਇਸ ਕਦਮ ਤੋਂ ਬਾਅਦ ਟਿਕਟਾਕ ਦੀ ਥਾਂ ਲੈਣ ਲਈ ਇਕ-ਇਕ ਕਰਕੇ ਭਾਰਤੀ ਐਪਸ ਦਾ ਹੜ੍ਹ ਜਿਹਾ ਆ ਗਿਆ। ਚਿੰਗਾਰੀ, ਮਿਤਰੋਂ ਵਰਗੇ ਐਪਸ ਸਾਹਮਣੇ ਆਏ। ਉਥੇ ਹੀ ਜ਼ੀ5 ਅਤੇ ਸ਼ੇਅਰਚੈਟ ਵਰਗੀਆਂ ਕੰਪਨੀਆਂ ਨੇ ਆਪਣੇ ਐਪਸ ਲਾਂਚ ਕਰਨ ਦਾ ਐਲਾਨ ਕੀਤਾ। ਭਾਰਤ ’ਚ ਚੀਨੀ ਐਪਸ ਦੇ ਬੈਨ ਹੋਣ ਦਾ ਫਾਇਦਾ ਵਿਦੇਸ਼ੀ ਕੰਪਨੀਆਂ ਵੀ ਚੁਕਣਾ ਚਾਹੁੰਦੀਆਂ ਹਨ। 

ਟਿਕਟਾਕ ’ਤੇ ਪਾਬੰਦੀ ਲੱਗਣ ਤੋਂ ਬਾਅਦ ਹੁਣ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਵੀ ਇਸ ਦੌੜ ’ਚ ਸ਼ਾਮਲ ਹੋ ਗਿਆ ਹੈ। ਇੰਸਟਾਗ੍ਰਾਮ ਵੀ 15 ਸੈਕਿੰਟਾਂ ਦੀ ਵੀਡੀਓ ਵਾਲੇ ਇਕ ਫੀਚਰ ਦਾ ਭਾਰਤ ’ਚ ਪ੍ਰੀਖਣ ਕਰ ਰਿਹਾ ਹੈ। ਇਸ ਫੀਚਰ ਨੂੰ ਇੰਸਟਾਗ੍ਰਾਮ ਰੀਲਸ (Instagram Reels) ਨਾਂ ਦਿੱਤਾ ਗਿਆ ਹੈ। ਇੰਸਟਾਗ੍ਰਾਮ ਰੀਲਸ ਰਾਹੀਂ ਯੂਜ਼ਰਸ 15 ਸਕਿੰਟਾਂ ਦੀ ਸ਼ਾਰਟ ਵੀਡੀਓ ਬਣਾ ਸਕਣਗੇ। ਵੀਡੀਓ ’ਚ ਯੂਜ਼ਰਸ ਮਿਊਜ਼ਿਕ, ਆਡੀਓ ਕਲਿੱਪ ਐਡ ਕਰ ਸਕਣਗੇ ਅਤੇ ਉਸ ਨੂੰ ਆਪਣੀ ਸਟੋਰੀਜ਼ ’ਚ ਸ਼ੇਅਰ ਕਰ ਸਕਣਗੇ। 

PunjabKesari

ਟਿਕਟਾਕ ਦੀ ਤਰ੍ਹਾਂ ਹੀ ਕੰਮ ਕਰੇਗਾ ਇਹ ਫੀਚਰ
ਇੰਸਟਾਗ੍ਰਾਮ ਰੀਲਸ ਬਿਲਕੁਲ ਟਿਕਟਾਕ ਦੀ ਤਰ੍ਹਾਂ ਦੀ ਕੰਮ ਕਰੇਗਾ। ਇੰਸਟਾਗ੍ਰਾਮ ਨੇ ਇਸ ਫੀਚਰ ’ਚ ਮਿਊਜ਼ਿਕ ਲਈ ਭਾਰਤ ’ਚ ਸਾਰੇਗਾਮਾ ਨਾਲ ਸਾਂਝੇਦਾਰੀ ਕੀਤੀ ਹੈ। ਅਜਿਹੇ ’ਚ ਮਿਊਜ਼ਿਕ ਨਾਲ ਕਾਪੀਰਾਈਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।