ਬਾਘਾ ਪੁਰਾਣਾ (ਰਾਕੇਸ਼) : ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ 7 ਜੁਲਾਈ ਦੇ ਧਰਨੇ ਨੂੰ ਲੈ ਕੇ ਸਰਗਰਮ ਲੀਡਰਾਂ ਦੀ ਇਕ ਮੀਟਿੰਗ ਹੋਈ। ਇਸ ਦੌਰਾਨ ਜੱਥੇਦਾਰ ਮਾਹਲਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਰੋਨਾ ਦੀ ਆੜ 'ਚ ਸੜਕਾਂ, ਚੌਂਕਾਂ, ਗਲੀਆਂ-ਮੁਹੱਲਿਆਂ ਦੀਆਂ ਨੁੱਕਰਾਂ 'ਤੇ ਪੁਲਸ ਰਾਹੀਂ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਜੀਪਾਂ ਸਮੇਤ ਹਰੇਕ ਵ੍ਹੀਕਲਾਂ ਦੇ ਧੜਾਧੜ ਚਲਾਨ ਕਟਵਾ ਕੇ ਮੋਟੀਆਂ ਰਕਮਾਂ ਵਸੂਲ ਰਹੀ ਹੈ ਅਤੇ ਚਲਾਨਾ ਤੋਂ ਪਰੇਸ਼ਾਨ ਵ੍ਹੀਕਲ ਵਾਲਾ ਸੌਖਾ ਘਰੋਂ ਬਾਹਰ ਨਹੀ ਨਿਕਲ ਸਕਦਾ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਨਾਂ ਦੇ ਨਾਮ 'ਤੇ ਲੋਕਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਬਿਲਕੁੱਲ ਬਰਦਾਸ਼ਤ ਨਹੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਤੋਂ ਲਗਾਤਾਰ ਚਲਾਨ ਕੱਟਣ ਲਈ ਥਾਂ-ਥਾਂ ਨਾਕੇਬੰਦੀ ਕੀਤੀ ਹੋਈ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਜ਼ੋਰਦਾਰ ਸੰਘਰਸ਼ ਸ਼ੁਰੂ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੇ ਕੇਂਦਰ ਅਤੇ ਪੰਜਾਬ ਵੱਲੋਂ ਕੀਤੇ ਰੇਟ ਦੇ ਵਾਧੇ ਨੂੰ ਲੈ ਕੇ ਹਰ ਪਿੰਡ 'ਚ 7 ਜੁਲਾਈ ਨੂੰ ਇਕ ਘੰਟੇ ਲਈ 10 ਤੋਂ 11 ਵਜੇ ਤੱਕ ਧਰਨੇ-ਮੁਜ਼ਾਹਰੇ ਕੀਤੇ ਜਾਣਗੇ, ਜਿਸ 'ਚ ਤਾਲਾਬੰਦੀ ਦੌਰਾਨ ਕੇਂਦਰ ਵੱਲੋਂ ਦਿੱਤੀ ਰਾਸ਼ਨ ਸਮੱਗਰੀ ਦੀ ਵੰਡ 'ਚ ਹੋਈ ਘਪਲੇਬਾਜੀ ਦੀਆ ਪਰਤਾਂ ਖੋਲ੍ਹੀਆਂ ਜਾਣਗੀਆਂ।