ਦਰਸ਼ਨ ਸਿੰਘ ਪ੍ਰੀਤੀਮਾਨ

ਸਮੇਂ ਦੇ ਨਾਲ-ਨਾਲ ਕਈ ਵਿਅਕਤੀਆਂ ਦਾ ਨਾਂ ਆਪਣੇ ਕਿੱਤੇ ਵਿੱਚ ਧਰੂ ਤਾਰੇ ਵਾਂਗ ਚਮਕਦਾ ਹੈ। ਉਸ ਕਿੱਤੇ ਨਾਲ ਸਬੰਧਿਤ ਤਾਂ ਹੋਰ ਵੀ ਵਿਅਕਤੀ ਜੁੜੇ ਹੋਏ ਹੁੰਦੇ ਹਨ ਪਰ ਸਫ਼ਲਤਾ ਜਾਂ ਸ਼ੋਹਰਤ ਤਾਂ ਟਾਂਵੇ-ਟਾਂਵੇ ਦੇ ਹਿੱਸੇ ਹੀ ਆਉਂਦੀ ਹੈ। ਅਜਿਹਾ ਵਿਅਕਤੀ ਕਈ ਵਿਲੱਖਣ ਪੈੜਾਂ ਪਾ ਜਾਂਦਾ ਹੈ ਅਤੇ ਕੋਈ ਨਵੀਂ ਪੀੜ੍ਹੀ ਵਿੱਚੋਂ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਹਰ ਕਿੱਤੇ ਵਿੱਚ ਉਂਗਲਾਂ ਤੇ ਗਿਣੇ ਜਾਣ ਵਾਲੇ ਟਾਂਵੇ ਵਿਅਕਤੀਆਂ ਦੇ ਨਾਂ ਹੀ ਆਉਂਦੇ ਹਨ। ਨਾਵਲਕਾਰੀ ਦੇ ਖੇਤਰ ਵਿੱਚ ਇੱਕ ਨਾਂ ਆਉਂਦਾ ਹੈ, ਉਹ ਨਾਂ ਹੈ ਨਾਨਕ ਸਿੰਘ।
ਨਾਨਕ ਸਿੰਘ ਦਾ ਜਨਮ 4 ਜੁਲਾਈ1897 ਈ: ਨੂੰ ਮਾਤਾ ਲੱਛਮੀ ਦੇਵੀ ਦੀ ਕੁੱਖੋਂ, ਪਿਤਾ ਬਹਾਦਰ ਚੰਦ ਦੇ ਘਰ ਚੱਕ ਹਮੀਦ, ਜ਼ਿਲ੍ਹਾ ਜਿਹਲਮ (ਅੱਜ ਕੱਲ ਪਾਕਿਸਤਾਨ) ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਂ ਹੰਸ ਰਾਜ ਸੀ। ਸਿੱਖ ਧਰਮ 'ਚ ਪ੍ਰਵੇਸ਼ ਕਰ ਕੇ ਉਹ ਨਾਨਕ ਸਿੰਘ ਬਣ ਗਏ। ਛੋਟੀ ਉਮਰ 'ਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਜਿਸ ਕਰਕੇ ਕਬੀਲਦਾਰੀ ਦਾ ਸਾਰਾ ਬੋਝ ਆਪ ‘ਤੇ ਆ ਪਿਆ। ਘਰ ਦੇ ਹਾਲਾਤ ਮਾੜੇ ਹੋਣ ਕਾਰਨ ਆਪ ਸਕੂਲ ਵੀ ਨਹੀਂ ਪੜ੍ਹ ਸਕੇ ਤਾਂ ਉੱਚੀ ਵਿੱਦਿਆ ਕਿਵੇਂ ਪ੍ਰਾਪਤ ਕਰਦੇ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਲਗਨ ਅਤੇ ਮਿਹਨਤ ਸਦਕਾ ਪੰਜਾਬੀ, ਹਿੰਦੀ ਤੇ ਉਰਦੂ ਸਿੱਖ ਲਈ ਸੀ। ਸੰਨ 1909 ਵਿੱਚ ਬਾਰਾਂ ਸਾਲ ਦੇ ਨਾਨਕ ਨੇ ਆਪਣੀ ਪਹਿਲੀ ਕਾਵਿ-ਰਚਨਾ 'ਸੀਹਰਫ਼ੀ ਹੰਸ ਰਾਜ' (ਅੱਠ ਸਫ਼ਿਆਂ ਦੀ ਕਵਿਤਾ ਪੰਜਾਬੀ ਵਿੱਚ) ਪਾਠਕਾਂ ਦੇ ਸਨਮੁੱਖ ਕੀਤੀ।
1922-23 'ਚ ਨਾਨਕ ਸਿੰਘ ਹੋਰਾਂ ਨੂੰ ਗੁਰੂ ਕੇ ਬਾਗ ਮੋਰਚੇ 'ਚ ਗ੍ਰਿਫ਼ਤਾਰੀ ਦੇਣੀ ਪਈ। ਉੱਥੇ ਜੇਲ੍ਹ 'ਚ ਹੀ ਨਾਵਲ ਰਚਨਾ ਆਰੰਭ ਕਰ ਦਿੱਤੀ। ਕਈ ਨਾਵਲ ਲਿਖੇ ਅਤੇ ਜੇਲ੍ਹ ਤੋਂ ਬਾਹਰ ਆ ਕੇ ਬਹੁਤ ਸਾਰੇ ਨਾਵਲ, ਕਹਾਣੀ ਸੰਗ੍ਰਹਿ ਤਿਆਰ ਕਰੇ। ਭਾਈ ਵੀਰ ਸਿੰਘ ਤੇ ਗੁਰਬਖ਼ਸ ਸਿੰਘ ਪ੍ਰੀਤਲੜੀ ਦਾ ਨਾਨਕ ਸਿੰਘ 'ਤੇ ਬਹੁਤ  ਪ੍ਰਭਾਵ ਪਿਆ।
ਨਾਵਲਕਾਰ ਨਾਨਕ ਸਿੰਘ ਦੀਆਂ ਕਿਤਾਬਾਂ ਦੀ ਲੜੀ ਬਹੁਤ ਲੰਬੀ ਹੈ। 'ਪ੍ਰੇਮ ਸੰਗੀਤ', 'ਮਿੱਠਾ ਮਹੁਰਾ', 'ਮਤਰੇਈ ਮਾਂ', 'ਕਾਲ ਚੱਕਰ', 'ਪਾਪ ਦੀ ਖੱਟੀ', 'ਪਿਆਰ ਦੀ ਦੁਨੀਆਂ', 'ਧੁੰਦਲੇ ਪਰਛਾਵੇ', 'ਦੂਰ ਕਿਨਾਰਾ' 'ਚਿੱਟਾ ਲਹੂ', 'ਅੱਧ ਖਿੜਿਆ ਫੁੱਲ' 'ਲਵ ਮੈਰਿਜ', 'ਕੱਟੀ ਹੋਈ ਪਤੰਗ', 'ਆਦਮਖੋਰ' 'ਇੱਕ ਮਿਆਨ ਦੋ ਤਲਵਾਰਾਂ', ''ਪਵਿੱਤਰ ਪਾਪੀ'  'ਸਵੈਜੀਵਨੀ: 'ਮੇਰੀ ਦੁਨੀਆਂ' ਆਦਿ ਕੁਝ ਪ੍ਰਮੁੱਖ ਨਾਵਲ ਹਨ।