ਕਾਨਪੁਰ- ਉੱਤਰ ਪ੍ਰਦੇਸ਼ ਪੁਲਸ ਨੇ ਵਿਕਾਸ ਦੁਬੇ ਦੇ ਬਿਠੁਰ ਸਥਿਤ ਘਰ ਨੂੰ ਢਾਹੁਣ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਕਾਨਪੁਰ ਸਥਿਤ ਇਹ ਘਰ ਜੇ.ਸੀ.ਬੀ. ਨਾਲ ਢਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਗੈਂਗਸਟਰ ਵਿਕਾਸ ਦੁਬੇ ਦੀ ਤਲਾਸ਼ 'ਚ ਪੁਲਸ ਦੀਆਂ 20 ਟੀਮਾਂ ਵੱਖ-ਵੱਖ ਇਲਾਕਿਆਂ 'ਚ ਦਬਿਸ਼ ਦੇ ਰਹੀਆਂ ਹਨ। ਇਨ੍ਹਾਂ ਸਾਰੇ ਇਲਾਕਿਆਂ 'ਚ ਵਿਕਾਸ ਦੇ ਪਰਿਵਾਰ ਵਾਲੇ ਰਹਿੰਦੇ ਹਨ। ਪੁਲਸ ਨੇ ਹੁਣ ਤੱਕ ਇਸ ਮਾਮਲੇ 'ਚ ਪੁੱਛ-ਗਿੱਛ ਲਈ 12 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਜਿਸ ਨਾਲ ਕਿ ਜਲਦ ਤੋਂ ਜਲਦ ਵਿਕਾਸ ਦੁਬੇ ਨੂੰ ਫੜਿਆ ਜਾ ਸਕੇ। ਵਿਕਾਸ ਦੁਬੇ ਦਾ ਨੇਪਾਲ ਦੌੜਨ ਦਾ ਵੀ ਖਦਸ਼ਾ ਹੈ, ਲਿਹਾਜਾ ਲਖੀਮਪੁਰ ਖੀਰੀ ਜ਼ਿਲ੍ਹੇ ਦੀ ਪੁਲਸ ਵੀ ਅਲਰਟ 'ਤੇ ਹੈ।

PunjabKesari

ਲਖੀਮਪੁਰ ਖੀਰੀ ਦੀ ਐੱਸ.ਪੀ. ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,''ਵਿਕਾਸ ਦੁਬੇ ਨੂੰ ਲੈ ਕੇ ਨੇਪਾਲ ਬਾਰਡਰ 'ਤੇ ਅਲਰਟ ਕਰ ਦਿੱਤਾ ਗਿਆ ਹੈ। ਇੱਥੇ ਨੇਪਾਲ ਨਾਲ ਜੁੜੀ 120 ਕਿਲੋਮੀਟਰ ਦੀ ਸਰਹੱਦ ਹੈ, ਚਾਰ ਥਾਣੇ ਹਨ, ਹਰ ਜਗ੍ਹਾ ਫੋਟੋ ਲਗਾ ਦਿੱਤੀ ਗਈ ਹੈ। ਐੱਸ.ਐੱਸ.ਬੀ. ਦੇ ਅਧਿਕਾਰੀਆਂ ਨਾਲ ਗੱਲ ਹੋ ਗਈ ਹੈ। ਜ਼ਿਲ੍ਹੇ ਦੇ ਬਾਰਡਰ 'ਤੇ ਵੀ ਅਲਰਟ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਪੁਲਸ ਨੇ ਮੋਬਾਇਲ ਕਾਲ ਡਿਟੇਲ ਦੇ ਆਧਾਰ 'ਤੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਤੋਂ ਪੁੱਛ-ਗਿੱਛ ਜਾਰੀ ਹੈ। ਇਹ ਸਾਰੇ ਉਹ ਲੋਕ ਹਨ, ਜਿਨ੍ਹਾਂ ਨੇ ਪਿਛਲੇ 24 ਘੰਟਿਆਂ 'ਚ ਵਿਕਾਸ ਦੁਬੇ ਨਾਲ ਗੱਲ ਕੀਤੀ ਸੀ। 

ਵਿਕਾਸ ਨਾਲ ਗੱਲ ਕਰਨ ਵਾਲੇ ਲੋਕਾਂ 'ਚੋਂ ਕੁਝ ਪੁਲਸ ਵਾਲਿਆਂ ਦੇ ਨੰਬਰ ਵੀ ਹਨ। ਇਸ ਲਈ ਇਸ ਗੱਲ ਦਾ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜਦੋਂ ਪੁਲਸ ਦੀ ਟੀਮ ਵਿਕਾਸ ਦੁਬੇ ਤੋਂ ਪੁੱਛ-ਗਿੱਛ ਲਈ ਨਿਕਲੀ ਸੀ ਤਾਂ ਕਿਸੇ ਨੇ ਫੋਨ 'ਤੇ ਗੱਲ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ। ਜਾਣਕਾਰੀ ਅਨੁਸਾਰ ਪੁਲਸ ਦੀ ਜਾਂਚ 'ਚ ਆਇਆ ਹੈ ਕਿ ਚੌਬੇਪੁਰ ਥਾਣੇ ਦੀ ਹੀ ਇਕ ਦਰੋਗਾ ਨੇ ਵਿਕਾਸ ਨੂੰ ਪੁਲਸ ਦੇ ਆਉਣ ਦੀ ਜਾਣਕਾਰੀ ਪਹਿਲਾਂ ਦਿੱਤੀ ਸੀ। ਸ਼ੱਕ ਦੇ ਘੇਰੇ 'ਚ ਇਕ ਦਰੋਗਾ, ਇਕ ਸਿਪਾਹੀ ਅਤੇ ਇਕ ਹੋਮ ਗਾਰਡ ਹੈ। ਤਿੰਨਾਂ ਦੀ ਕਾਲ ਡਿਟੇਲ ਦੇ ਆਧਾਰ 'ਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।