ਆਈਜ਼ੋਲ (ਭਾਸ਼ਾ)— ਮਿਜ਼ੋਰਮ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ 2020-21 ਅਕਾਦਮਿਕ ਸੈਸ਼ਨ ਲਈ ਸਕੂਲ ਖੋਲ੍ਹਣ ਦੀ ਤਾਰੀਖ਼ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ। ਸਰਕਾਰ ਨੇ ਪਹਿਲਾਂ ਮੌਜੂਦਾ ਅਕਾਦਮਿਕ ਸੈਸ਼ਨ ਲਈ 15 ਜੁਲਾਈ ਤੋਂ ਸਿੱਖਿਅਕ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਸੀ। ਮਿਜ਼ੋਰਮ ਦੇ ਸਿੱਖਿਆ ਮੰਤਰੀ ਲਾਲਚੰਦਮਾ ਰਾਲਤੇ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਦੇਸ਼ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਸਾਰੇ ਸੂਬਿਆਂ ਨੂੰ 31 ਜੁਲਾਈ ਤੱਕ ਸਿੱਖਿਅਕ ਅਤੇ ਸਿਖਲਾਈ ਸੰਸਥਾਵਾਂ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਅਸੀਂ ਇਸ ਮਹੀਨੇ ਸਕੂਲ ਨਹੀਂ ਖੋਲ੍ਹ ਸਕਾਂਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਹਾਲਾਤ 'ਤੇ ਸਲਾਹ-ਮਸ਼ਵਰੇ ਮਗਰੋਂ ਇਸ ਸੰਬੰਧ ਵਿਚ ਫੈਸਲਾ ਕਰੇਗੀ। 

ਦੱਸ ਦੇਈਏ ਕਿ ਮਿਜ਼ੋਰਮ 'ਚ ਸ਼ੁੱਕਰਵਾਰ ਤੱਕ ਕੋਰੋਨਾ ਦੇ 162 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿਚ ਇਸ ਸਮੇਂ 35 ਪੀੜਤ ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਦਕਿ 127 ਲੋਕ ਲਾਗ ਮਗਰੋਂ ਸਿਹਤਯਾਬ ਹੋ ਚੁੱਕੇ ਹਨ। ਮੰਤਰੀ ਨੇ ਦੱਸਿਆ ਕਿ ਕਰੀਬ 7,026 ਵਿਦਿਆਰਥੀਆਂ ਨੇ ਅਰਥਸ਼ਾਸਤਰ, ਰਸਾਇਣ ਵਿਗਿਆਨ, ਸਮਾਜ ਸ਼ਾਸਤਰ, ਕੰਪਿਊਟਰ ਵਿਗਿਆਨ ਅਤੇ ਗ੍ਰਹਿ ਵਿਗਿਆਨ 'ਚ ਬੋਰਡ ਇਮਤਿਹਾਨ ਪੂਰੇ ਕੀਤੇ। ਮੰਤਰੀ ਨੇ ਇਹ ਵੀ ਦੱਸਿਆ ਕਿ 12ਵੀਂ ਬੋਰਡ ਦੇ ਨਤੀਜੇ 15 ਜੁਲਾਈ ਤੋਂ ਪਹਿਲਾਂ ਐਲਾਨ ਕਰ ਦਿੱਤੇ ਜਾਣਗੇ।