ਨਵੀਂ ਦਿੱਲੀ/ਓਟਾਵਾ— ਕੋਰੋਨਾ ਸੰਕਟ 'ਚ ਅਮਰੀਕਾ, ਕੈਨੇਡਾ 'ਚ ਫਸੇ ਭਾਰਤੀਆਂ ਲਈ ਰਾਹਤ ਦੀ ਖ਼ਬਰ ਹੈ। ਇਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਨੇ ਉਥੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤ ਯੋਜਨਾ ਤਹਿਤ ਉਡਾਣਾਂ ਦੀਆਂ ਟਿਕਟਾਂ ਦੀਆਂ ਕੀਮਤਾਂ 'ਚ 25 ਤੋਂ 45 ਫੀਸਦੀ ਤੱਕ ਦੀ ਕਮੀ ਕਰ ਦਿੱਤੀ ਹੈ।

ਰਿਪੋਰਟ ਦਾ ਕਹਿਣਾ ਹੈ ਕਿ ਇਸ ਮਿਸ਼ਨ ਤਹਿਤ ਨਿਊਯਾਰਕ ਤੋਂ ਦਿੱਲੀ ਲਈ ਇਕਨੋਮੀ ਕਲਾਸ ਦੀ ਟਿਕਟ ਦੀ ਕੀਮਤ 1,07000 ਰੁਪਏ ਸੀ ਪਰ ਹੁਣ ਇਸ ਨੂੰ ਘਟਾ ਕੇ 75,461 ਰੁਪਏ ਕਰ ਦਿੱਤਾ ਗਿਆ ਹੈ।

ਟੋਰਾਂਟੋ ਤੋਂ ਦਿੱਲੀ ਲਈ ਟਿਕਟ ਦੀ ਕੀਮਤ 1.37 ਲੱਖ ਰੁਪਏ ਤੋਂ ਘਟਾ ਕੇ 75,321 ਰੁਪਏ ਕਰ ਦਿੱਤੀ ਗਈ ਹੈ। ਇਨ੍ਹਾਂ ਉਡਾਣਾਂ ਲਈ ਘੱਟ ਹਵਾਈ ਜਹਾਜ਼ਾਂ ਦੀ ਉਪਲਬਧਤਾ ਅਤੇ ਯਾਤਰੀਆਂ ਦੀ ਮੰਗ ਵਧਣ ਦੇ ਬਾਵਜੂਦ ਟਿਕਟ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ।

ਭਾਰਤ ਨੇ ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਦੇ ਮੱਦੇਨਜ਼ਰ 22 ਮਾਰਚ ਨੂੰ ਸਾਰੀਆਂ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਬਾਅਦ 25 ਮਾਰਚ ਨੂੰ ਘਰੇਲੂ ਉਡਾਣਾਂ 'ਤੇ ਵੀ ਰੋਕ ਲਾ ਦਿੱਤੀ ਗਈ ਸੀ। ਹਾਲਾਂਕਿ, ਘਰੇਲੂ ਉਡਾਣਾਂ 25 ਮਈ ਤੋਂ ਸ਼ੁਰੂ ਹਨ ਪਰ ਵਿਦੇਸ਼ੀ ਉਡਾਣਾਂ ਨੂੰ ਹੁਣ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਹੈ। ਸਿਰਫ ਵੰਦੇ ਭਾਰਤ ਯੋਜਨਾ ਤਹਿਤ ਹੀ ਭਾਰਤੀਆਂ ਨੂੰ ਬਾਹਰੋਂ ਲਿਆਉਣ ਲਈ ਉਡਾਣਾਂ ਦੀ ਮਨਜ਼ੂਰੀ ਦਿੱਤੀ ਗਈ ਹੈ।