ਜਲੰਧਰ(ਖੁਰਾਣਾ) - ਪਿਛਲੇ ਦਿਨੀਂ ਪੱਛਮੀ ਖੇਤਰ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਦੀਪਰਵ ਲਾਕੜਾ ਨੂੰ ਮੌਕੇ ’ਤੇ ਬੁਲਾ ਕੇ ਉਨ੍ਹਾਂ ਨੂੰ ਲੈਦਰ ਕੰਪਲੈਕਸ ਰੋਡ ਵਾਲੀ ਸੀਵਰ ਦੀ ਸਮੱਸਿਆ ਦਿਖਾਈ ਸੀ, ਜਿਸ ਕਾਰਣ ਪੂਰੇ ਖੇਤਰ ’ਚ ਨਰਕ ਜਿਹਾ ਦ੍ਰਿਸ਼ ਹੈ। ਉਸ ਮਾਮਲੇ ’ਚ ਵਿਧਾਇਕ ਰਿੰਕੂ ਵਲੋਂ ਕੀਤੀ ਗਈ ਬਿਆਨਬਾਜ਼ੀ ਨਾਲ ਸ਼ਹਿਰ ਦੀ ਕਾਂਗਰਸੀ ਸਿਆਸਤ ਦਾ ਮਾਹੌਲ ਕਾਫੀ ਗਰਮਾ ਗਿਆ ਸੀ। ਨਿਗਮ ਤੋਂ ਅਜੇ ਤੱਕ ਉਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਪਰੰਤੂ ਇਸ ਦੌਰਾਨ ਨਗਰ ਨਿਗਮ ਨੇ ਪ੍ਰਦੂਸ਼ਣ ਵਿਭਾਗ ਨੂੰ ਇਕ ਪੱਤਰ ਲਿਖ ਕੇ ਇਕ ਸਾਲ ਦੀ ਮੋਹਲਤ ਮੰਗ ਲਈ ਹੈ। ਪੱਤਰ ’ਚ ਲਿਖਿਆ ਗਿਆ ਹੈ ਕਿ ਪਿਛਲੇ ਦੌਰਾਨ ਐੱਨ. ਜੀ. ਟੀ. ਦੇ ਨਿਰਦੇਸ਼ਾਂ ’ਤੇ ਨਿਗਮ ਨੇ ਉੱਤਰੀ ਵਿਧਾਨ ਸਭਾ ਖੇਤਰ ’ਚ ਪੈਂਦੇ ਸੀਵਰ ਦੇ 6 ਪੁਆਇੰਟਾਂ ਜੋ ਸਿੱਧੇ ਡ੍ਰੇਨ ’ਚ ਡਿੱਗਦੇ ਸਨ, ਨੂੰ ਬੰਦ ਕਰ ਕੇ ਸਾਰਾ ਪਾਣੀ ਉਸ ਸੀਵਰ ਲਾਈਨ ’ਚ ਸੁੱਟ ਦਿੱਤਾ ਹੈ, ਜਿਸ ਦਾ ਪਾਣੀ ਬਸਤੀ ਪੀਰਦਾਦ ਡਿਸਪੋਜ਼ਲ ਤੱਕ ਜਾਂਦਾ ਹੈ।

PunjabKesari

ਇਨ੍ਹਾਂ 6 ਪੁਆਇੰਟਾਂ ਦੇ ਕਾਰਣ ਡਿਸਪੋਜ਼ਲ ’ਤੇ ਲੋਡ ਕਾਫੀ ਵਧ ਗਿਆ। ਉਸ ਦੀ ਸਮਰੱਥਾ 50 ਐੱਮ. ਐੱਲ. ਡੀ. ਹੈ ਪਰ ਉੱਥੇ 64 ਐੱਮ. ਐੱਲ. ਡੀ. ਪਾਣੀ ਆ ਰਿਹਾ ਹੈ। ਨਿਗਮ ਨੇ ਬਸਤੀ ਪੀਰਦਾਦ ਡਿਸਪੋਜ਼ਲ ਦੀ ਸਮਰੱਥਾ ਨੂੰ 65 ਐੱਮ.ਐੱਲ.ਡੀ. ਕਰਨ ਦਾ ਪ੍ਰਾਜੈਕਟ ਸ਼ੁਰੂ ਕਰ ਰੱਖਿਆ ਹੈ ਜਿਸ ਦੇ ਪੂਰਾ ਹੋਣ ’ਚ ਕੁਝ ਸਮਾਂ ਲੱਗੇਗਾ। ਇਸ ਲਈ ਉੱਤਰੀ ਹਲਕੇ ਦੇ ਸੀਵਰ ਦੇ ਪੁਆਇੰਟਾਂ ਦਾ ਸੀਵਰ ਸਿੱਧਾ ਡ੍ਰੇਨ ’ਚ ਸੁੱਟਣ ਦੀ ਇਜਾਜ਼ਤ ਲਈ ਐੱਨ. ਜੀ. ਟੀ. ਨਾਲ ਜਲਦ ਸੰਪਰਕ ਕੀਤਾ ਜਾਵੇ।

ਬਰਸਾਤਾਂ ’ਚ ਹਾਲਾਤ ਹੋਰ ਵਿਗੜਣ ਦੀ ਸੰਭਾਵਨਾ

ਨਗਰ ਨਿਗਮ ਅਧਿਕਾਰੀਆਂ ਨੇ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਅਜੇ ਬਰਸਾਤਾਂ ਠੀਕ ਢੰਗ ਨਾਲ ਸ਼ੁਰੂ ਨਹੀਂ ਹੋਈਆਂ ਹਨ, ਹੁਣੇ ਤੋਂ ਹੀ ਬਸਤੀ ਪੀਰਦਾਦ ਡਿਸਪੋਜ਼ਲ ਨੂੰ ਜਾਂਦਾ ਪਾਣੀ ਓਵਰਫਲੋਅ ਹੋ ਕੇ ਕਈ ਆਲੋਨੀਆਂ ’ਚ ਕਹਿਰ ਢਾਹ ਰਿਹਾ ਹੈ। ਕੱਲ ਨੂੰ ਜੇਕਰ ਸ਼ਹਿਰ ’ਚ ਭਾਰੀ ਬਰਸਾਤ ਹੁੰਦੀ ਹੈ ਤਾਂ ਹਲਕੇ ਦੀਆਂ ਕਾਲੋਨੀਆਂ ਦਾ ਸਾਰਾ ਬਰਸਾਤੀ ਪਾਣੀ ਵੀ ਬਸਤੀ ਪੀਰਦਾਦ ਡਿਸਪੋਜ਼ਲ ਤੱਕ ਆਵੇਗਾ, ਜਿਸ ਕਾਰਣ ਲੈਦਰ ਕੰਪਲੈਕਸ ਰੋਡ ਅਤੇ ਆਸਪਾਸ ਦੀਆਂ ਕਾਲੋਨੀਆਂ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਹੁਣ ਦੇਖਣਾ ਹੈ ਕਿ ਨਿਗਮ ਇਸ ਮਾਮਲੇ ’ਚ ਪੱਛਮ ਖੇਤਰ ਦੀਆਂ ਕਾਲੋਨੀਆਂ ਦਾ ਕਿਵੇਂ ਬਚਾਅ ਕਰਦਾ ਹੈ।

ਉੱਤਰੀ ਹਲਕੇ ਦੇ ਪੁਆਇੰਟ, ਜਿਨ੍ਹਾਂ ਕਾਰਣ ਸਮੱਸਿਆ ਆਈ

-ਗੁਰੂ ਅਮਰਦਾਸ ਨਗਰ ਪੁਆਇੰਟ

-ਇੰਡਸਟ੍ਰੀਅਲ ਏਰੀਆ ਪੁਆਇੰਟ

-ਭਗਤ ਸਿੰਘ ਕਾਲੋਨੀ ਪੁਆਇੰਟ

-ਬਾਬਾ ਬਾਲਕ ਨਾਥ ਨਗਰ ਪੁਆਇੰਟ

-ਮਕਸੂਦਾਂ ਸਬਜ਼ੀ ਮੰਡੀ ਪੁਆਇੰਟ

-ਨਾਗਰਾ ਡਿਸਪੋਜ਼ਲ ਪੁਆਇੰਟ