ਨਵੀਂ ਦਿੱਲੀ/ਓਟਾਵਾ— ਕੋਰੋਨਾ ਵਾਇਰਸ ਕਾਰਨ ਭਾਰਤ 'ਚ ਕੌਮਾਂਤਰੀ ਉਡਾਣਾਂ ਬੰਦ ਹਨ। ਇਹ ਉਡਾਣਾਂ ਦੁਬਾਰਾ ਕਦੋਂ ਸ਼ੁਰੂ ਹੋਣਗੀਆਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਵਿਚਕਾਰ ਇਕ ਚੰਗੀ ਖ਼ਬਰ ਇਹ ਹੈ ਕਿ ਕੁਝ ਦੇਸ਼ਾਂ ਲਈ ਜਲਦ ਹੀ ਉਡਾਣ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਦੇਸ਼ ਅਮਰੀਕਾ, ਕੈਨੇਡਾ ਅਤੇ ਯੂ. ਏ. ਈ. ਹਨ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਰਵਿੰਦ ਸਿੰਘ ਨੇ ਕਿਹਾ ਹੈ ਕਿ ਭਾਰਤ ਇਨ੍ਹਾਂ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ।

ਇਕ ਚੈਨਲ ਨਾਲ ਗੱਲਬਾਤ ਕਰਦਿਆਂ ਅਰਵਿੰਦ ਸਿੰਘ ਨੇ ਕਿਹਾ ਕਿ ਸੰਭਾਵਨਾ ਹੈ ਕਿ ਜੁਲਾਈ ਦੇ ਅੰਤ ਤੱਕ ਇਨ੍ਹਾਂ ਦੇਸ਼ਾਂ ਲਈ ਉਡਾਣਾਂ ਦੁਬਾਰਾ ਸ਼ੁਰੂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ, ''ਸਾਡੀ ਗੱਲਬਾਤ ਬਹੁਤ ਹੀ ਉੱਨਤ ਸਟੇਜ 'ਤੇ ਪਹੁੰਚ ਗਈ ਹੈ। ਅਜਿਹੀ ਸਥਿਤੀ 'ਚ ਸਾਨੂੰ ਉਮੀਦ ਹੈ ਕਿ ਇਹ ਕੌਮਾਂਤਰੀ ਉਡਾਣਾਂ ਜਲਦ ਤੋਂ ਜਲਦ ਸ਼ੁਰੂ ਹੋ ਸਕਦੀਆਂ ਹਨ। ਭਾਰਤ ਸਰਕਾਰ ਉਡਾਣਾਂ ਸ਼ੁਰੂ ਕਰਨ ਲਈ ਅਮਰੀਕਾ, ਕੈਨੇਡਾ ਅਤੇ ਖਾੜੀ ਦੇਸ਼ਾਂ ਨਾਲ ਨਿਰੰਤਰ ਸੰਪਰਕ 'ਚ ਹੈ।''

ਕੈਨੇਡਾ ਲਈ ਹੋ ਸਕਦੀ ਹੈ ਥੋੜ੍ਹੀ ਦੇਰੀ-
ਕੈਨੇਡਾ ਨਾਲ ਉਡਾਣਾਂ ਮੁੜ ਸ਼ੁਰੂ ਕਰਨ 'ਚ ਥੋੜ੍ਹੀ ਦੇਰੀ ਹੋ ਸਕਦੀ ਹੈ। ਦਰਅਸਲ, ਕੈਨੇਡਾ ਨੇ ਅਜੇ ਤੱਕ ਯਾਤਰਾ ਪਾਬੰਦੀ 'ਚ ਜ਼ਿਆਦਾ ਛੋਟ ਨਹੀਂ ਦਿੱਤੀ ਹੈ ਅਤੇ ਟਰੂਡੋ ਸਰਕਾਰ ਨੇ 31 ਜੁਲਾਈ ਤੱਕ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਵਧਾਈ ਹੈ। ਹਾਲਾਂਕਿ, ਭਾਰਤ ਸਰਕਾਰ ਦੀ ਗੱਲ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਯੂਰਪੀ ਸੰਘ ਨੇ 15 ਦੇਸ਼ਾਂ ਲਈ ਦੁਬਾਰਾ ਕੌਮਾਂਤਰੀ ਉਡਾਣਾਂ ਸ਼ੁਰੂਆਤ ਕਰ ਦਿੱਤੀ ਹੈ ਪਰ ਇਸ ਸੂਚੀ 'ਚ ਭਾਰਤ ਦਾ ਨਾਂ ਨਹੀਂ ਹੈ। ਇਹ ਸੂਚੀ ਹਰ ਦੋ ਹਫ਼ਤਿਆਂ ਬਾਅਦ ਅਪਡੇਟ ਕੀਤੀ ਜਾਏਗੀ, ਭਾਵ ਕੁਝ ਦੇਸ਼ਾਂ ਦੇ ਨਾਂ ਇਸ ਤੋਂ ਹਟਾਏ ਵੀ ਜਾ ਸਕਦੇ ਹਨ ਅਤੇ ਕੁਝ ਦੇ ਨਾਂ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਕਈ ਯੂਰਪੀ ਦੇਸ਼ ਇਸ ਸਮੇਂ ਭਾਰਤ ਦੇ ਹਵਾਈ ਅੱਡੇ 'ਤੇ ਭੀੜ ਅਤੇ ਇੱਥੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਕੌਮਾਂਤਰੀ ਉਡਾਣਾਂ ਦੀ ਇਜਾਜ਼ਤ ਨਹੀਂ ਦੇ ਰਹੇ ਹਨ।