ਜੈਪੁਰ (ਭਾਸ਼ਾ)— ਜੈਪੁਰ ਕੌਮਾਂਤਰੀ ਹਵਾਈ ਅੱਡੇ 'ਤੇ 14 ਯਾਤਰੀਆਂ ਕੋਲੋਂ ਲੱਗਭਗ 32 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਇਸ ਸੋਨੇ ਦੀ ਕੀਮਤ 15.67 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਤੋਂ ਸ਼ੁੱਕਰਵਾਰ ਨੂੰ ਦੋ ਚਾਰਟਰਡ ਉਡਾਣਾਂ ਰਾਹੀਂ ਇੱਥੇ ਪਹੁੰਚੇ ਯਾਤਰੀਆਂ ਤੋਂ ਇਹ ਸੋਨਾ ਜ਼ਬਤ ਕੀਤਾ ਗਿਆ ਹੈ। ਹਵਾਈ ਅੱਡੇ 'ਤੇ ਤਾਇਨਾਤ ਕਸਟਮ ਮਹਿਕਮੇ ਦੀ ਟੀਮ ਨੇ ਤਲਾਸ਼ੀ ਦੌਰਾਨ ਇਹ ਸੋਨਾ ਜ਼ਬਤ ਕੀਤਾ। ਸੋਨੇ ਦੀਆਂ ਛੜਾਂ ਅਤੇ ਇੱਟਾਂ ਨੂੰ ਵਿਸ਼ੇਸ਼ ਰੂਪ ਨਾਲ ਸਾਮਾਨ 'ਚ ਲੁਕਾਇਆ ਗਿਆ ਸੀ।

ਓਧਰ ਜੋਧਪੁਰ ਦੇ ਕਸਟਮ ਕਮਿਸ਼ਨਰ ਨੇ ਦੱਸਿਆ ਕਿ ਦੋ ਚਾਰਟਰਡ ਉਡਾਣਾਂ ਰਾਹੀਂ ਜੈਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜੇ 14 ਯਾਤਰੀਆਂ ਤੋਂ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸਾਊਦੀ ਅਰਬ ਤੋਂ ਆਏ 11 ਯਾਤਰੀਆਂ ਤੋਂ 22.65 ਕਿਲੋ ਅਤੇ ਸੰਯੁਕਤ ਅਰਬ ਅਮੀਰਾਤ ਤੋਂ ਆਏ 3 ਯਾਤਰੀਆਂ ਤੋਂ 9.3 ਕਿਲੋ ਸੋਨਾ ਜ਼ਬਤ ਕੀਤਾ। ਸੋਨੇ ਦੀ ਕੀਮਤ 15.67 ਕਰੋੜ ਰੁਪਏ ਦੱਸੀ ਗਈ ਹੈ। ਇਸ ਨੂੰ ਕਸਟਮ ਕਾਨੂੰਨ ਤਹਿਤ ਜ਼ਬਤ ਕੀਤਾ ਗਿਆ ਹੈ ਅਤੇ ਸੰਬੰਧ ਯਾਤਰੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।