ਨਾਭਾ (ਰਾਹੁਲ) : ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ 'ਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਦੀ ਬੈਰਕ ਦੇ 19 ਬੰਦੀ ਸਿੰਘ ਭੁੱਖ-ਹੜਤਾਲ 'ਤੇ ਬੈਠ ਗਏ, ਕੁੱਝ ਦਿਨ ਪਹਿਲਾਂ ਪ੍ਰਬੰਧਕੀ ਅਧਾਰ 'ਤੇ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਜੇਲ੍ਹ ਦੇ 5 ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਇਹ 19 ਬੰਦੀ ਸਿੰਘ ਭੁੱਖ-ਹੜਤਾਲ 'ਤੇ ਬੈਠ ਗਏ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਵੀਰ ਸਿੰਘ ਭੂਤਨਾ (ਕਪੂਰਥਲਾ ਜੇਲ੍ਹ), ਜਸਪ੍ਰੀਤ ਸਿੰਘ ਉਰਫ਼ ਨਿਹਾਲ (ਲੁਧਿਆਣਾ ਜੇਲ੍ਹ) ਰਮਨਦੀਪ ਸਿੰਘ ਉਰਫ਼ ਗੋਲਡੀ (ਫਰੀਦਕੋਟ ਜੇਲ੍ਹ) ਮਾਨ ਸਿੰਘ (ਫਿਰੋਜ਼ਪੁਰ ਜੇਲ੍ਹ) ਅਤੇ ਹਰਵਿੰਦਰ ਸਿੰਘ (ਰੋਪੜ ਜੇਲ) ਨੂੰ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਕਰਕੇ ਇਹ 19 ਬੰਦੀ ਸਿੰਘ ਭੁੱਖ-ਹੜਤਾਲ 'ਤੇ ਚਲੇ ਗਏ। ਇਨ੍ਹਾਂ ਬੰਦੀ ਸਿੰਘਾਂ ਦੇ ਸੰਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਇੱਕ ਲਿਖਤੀ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੰਦੀ ਸਿੰਘਾਂ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਸਬੰਧ 'ਚ ਨਾਭਾ ਮੈਕਸੀਮਮ ਸਕਿਓਰਿਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਇਨ੍ਹਾਂ 5 ਬੰਦੀ ਸਿੰਘਾਂ ਨੂੰ ਪ੍ਰਬੰਧਕੀ ਆਧਾਰ 'ਤੇ ਉੱਚ ਅਧਿਕਾਰੀਆਂ ਦੇ ਕਹਿਣ 'ਤੇ ਤਬਦੀਲ ਕੀਤਾ ਗਿਆ ਹੈ।