ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਦੂਰ ਦੇ ਇਕ ਪਿੰਡ 'ਚ ਸ਼ਨੀਵਾਰ ਨੂੰ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਅਤੇ ਉੱਥੋਂ ਹਥਿਆਰ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਥਾਣਾ ਮੰਡੀ ਇਲਾਕੇ ਦੇ ਦਰਦਾਸਨ ਪਿੰਡ 'ਚ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਸਾਂਝੀ ਤਲਾਸ਼ ਮੁਹਿੰਮ ਦੌਰਾਨ ਅੱਤਵਾਦੀ ਟਿਕਾਣੇ ਦਾ ਖੁਲਾਸਾ ਹੋਇਆ।

ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਟਿਕਾਣੇ ਤੋਂ 2 ਚੀਨੀ ਪਿਸਤੌਲ ਦੇ ਨਾਲ 2 ਮੈਗਜ਼ੀਨ, 11 ਰਾਈਫਲ ਗ੍ਰਨੇਡ ਨਾਲ ਇਕ ਅੰਡਰ ਬੈਰਲ ਗ੍ਰਨੇਡ ਲਾਂਚਰ (ਯੂ.ਬੀ.ਜੀ.ਐੱਲ.), 920 ਕਾਰਤੂਸ ਨਾਲ ਏ.ਕੇ. ਅਸਾਲਟ ਰਾਈਫਲ ਦੀ 14 ਮੈਗਜ਼ੀਨ ਅਤੇ ਇਕ ਚੀਨੀ ਹੱਥਗੋਲਾ ਬਰਾਮਦ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਆਈ.ਈ.ਡੀ. ਬਣਾਉਣ 'ਚ ਇਸਤੇਮਾਲ ਹੋਣ ਵਾਲੀਆਂ ਬੈਟਰੀਆਂ ਅਤੇ ਤਾਰਾਂ ਸਮੇਤ ਹੋਰ ਵਸਤੂਆਂ ਵੀ ਵੱਡੀ ਮਾਤਰਾ 'ਚ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਇਸ ਸੰਬੰਧ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।