ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਕਾਰਨ ਹਮੀਰਪੁਰ ਜ਼ਿਲ੍ਹੇ 'ਚ 70 ਸਾਲਾ ਬਜ਼ੁਰਗ ਦੀ ਸ਼ੁੱਕਰਵਾਰ ਦੇਰ ਰਾਤ ਮੰਡੀ ਦੇ ਨੇਰਚੈਕ ਹਸਪਤਾਲ 'ਚ ਮੌਤ ਹੋ ਗਈ, ਜਿਸ ਦੇ ਨਾਲ ਹੀ ਪ੍ਰਦੇਸ਼ 'ਚ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਹਸਪਤਾਲ ਦੇ ਨੋਡਲ ਅਧਿਕਾਰੀ ਡਾ. ਜੀਵਾਨੰਦ ਚੌਹਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਜਾਨਪੁਰ ਵਾਸੀ ਬਜ਼ੁਰਗ ਸ਼ੂਗਰ ਅਤੇ ਗੁਰਦਾ ਰੋਗ ਨਾਲ ਪੀੜਤ ਸੀ। ਉਸ ਨੂੰ ਕੋਰੋਨਾ ਕੇਅਰ ਸੈਂਟਰ ਭੋਟਾ ਤੋਂ 28 ਜੂਨ ਨੂੰ ਨੇਰਚੈਕ ਹਸਪਤਾਲ ਲਿਜਾਇਆ ਗਿਆ ਸੀ। ਬਜ਼ੁਰਗ ਦੀ ਦੇਰ ਰਾਤ ਸਿਹਤ ਵਿਗੜ ਗਈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਪਰ ਰਾਤ ਕਰੀਬ ਸਵਾ 12 ਵਜੇ ਦੇ ਨੇੜੇ-ਤੇੜੇ ਉਸ ਨੇ ਦਮ ਤੋੜ ਦਿੱਤਾ।

ਇਸ ਤਰ੍ਹਾਂ ਕੋਰੋਨਾ ਕਾਰਨ ਹਮੀਰਪੁਰ ਜ਼ਿਲ੍ਹੇ 'ਚ ਹੁਣ ਤੱਕ ਤਿੰਨ ਮੌਤਾਂ ਹੋ ਚੁਕੀਆਂ ਹਨ। ਇਸ ਤੋਂ ਪਹਿਲਾਂ ਸ਼ਿਮਲਾ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ 'ਚ 2-2 ਮੌਤਾਂ ਹੋ ਚੁਕੀਆਂ ਹਨ। ਸੂਬੇ 'ਚ 24 ਘੰਟਿਆਂ 'ਚ ਸੂਬੇ 'ਚ ਕੋਰੋਨਾ ਦੇ 19 ਨਵੇਂ ਮਾਮਲੇ ਆਏ ਹਨ ਅਤੇ 39 ਲੋਕ ਠੀਕ ਹੋ ਕੇ ਘਰ ਚੱਲੇ ਗਏ ਹਨ। ਪ੍ਰਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਹੁਣ 1033 ਪਹੁੰਚ ਗਿਆ ਹੈ, ਜਦੋਂ ਕਿ ਸਰਗਰਮ ਮਾਮਲੇ ਵੀ ਵਧ ਕੇ 339 ਹੋ ਗਏ ਹਨ। ਹੁਣ ਤੱਕ 671 ਮਰੀਜ਼ ਸਿਹਤਮੰਦ ਹੋ ਚੁਕੇ ਹਨ। 9 ਦੀ ਮੌਤ ਹੋਈ ਹੈ ਅਤੇ 13 ਲੋਕ ਸੂਬੇ ਦੇ ਬਾਹਰ ਇਲਾਜ ਕਰਵਾਉਣ ਗਏ ਸਨ ਅਤੇ ਹੁਣ ਠੀਕ ਹਨ।