ਕੋਲਕਾਤਾ (ਭਾਸ਼ਾ)— ਕੋਲਕਾਤਾ 'ਚ ਚੱਲਦੀ ਟੈਕਸੀ 'ਚ ਇਕ ਜਨਾਨੀ ਦਾ ਕਤਲ ਕਰ ਦੇਣ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਕਤਲ ਮਗਰੋਂ ਲਾਸ਼ ਨੂੰ ਦੋਸ਼ੀ ਡਰਾਈਵਰ ਨੇ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ। ਪੁਲਸ ਨੇ ਸ਼ਨੀਵਾਰ ਭਾਵ ਅੱਜ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਮੋਬਾਇਲ ਐਪ ਤੋਂ ਬੁਕ ਹੋਣ ਵਾਲੀ ਟੈਕਸੀ ਸੇਵਾ ਦੇ ਡਰਾਈਵਰ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਹੈ। ਜਨਾਨੀ ਦੀ ਲਾਸ਼ ਵੀ ਨਹਿਰ 'ਚੋਂ ਬਰਾਮਦ ਕਰ ਲਈ ਗਈ ਹੈ। 

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਜਨਾਨੀ (ਮ੍ਰਿਤਕਾ) ਨੂੰ ਜਾਣਦਾ ਸੀ ਅਤੇ ਉਸ ਨੇ ਉਸ ਤੋਂ ਕਰਜ਼ਾ ਲਿਆ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਨ ਵਾਲੀ ਇਸ ਜਨਾਨੀ ਨੂੰ ਸ਼ੁੱਕਰਵਾਰ ਦੁਪਹਿਰ ਟਾਲੀਗੰਜ ਪੁਲਸ ਥਾਣੇ ਨੇੜਿਓਂ ਆਪਣੀ ਕਾਰ 'ਚ ਬਿਠਾਇਆ ਸੀ। ਦੋਹਾਂ ਵਿਚਾਲੇ ਬਹਿਸ ਹੋਣ ਤੋਂ ਬਾਅਦ ਜਨਾਨੀ ਨੇ ਕਰਜ਼ੇ ਦੇ ਪੈਸੇ ਵਾਪਸ ਮੰਗੇ। ਜਿਸ ਤੋਂ ਬਾਅਦ ਦੋਸ਼ੀ ਡਰਾਈਵਰ ਨੇ ਜਨਾਨੀ ਦਾ ਕਤਲ ਕਰ ਦਿੱਤਾ।

ਪੁਲਸ ਮੁਤਾਬਕ ਪਹਿਲੀ ਨਜ਼ਰ ਵਿਚ ਅਜਿਹਾ ਲੱਗਦਾ ਹੈ ਕਿ ਦੋਸ਼ੀ ਨੇ ਜਨਾਨੀ ਦਾ ਗਲ਼ ਵੱਢ ਕੇ ਉਸ ਦਾ ਕਤਲ ਕੀਤਾ। ਬਾਅਦ 'ਚ ਉਸ ਦੀ ਲਾਸ਼ ਨੂੰ ਸੁੱਟਣ ਲਈ ਸਹੀ ਥਾਂ ਲੱਭੀ। ਦੋਸ਼ੀ ਨੂੰ ਪੂਰਬੀ ਮਹਾਨਗਰੀ ਬਾਈਪਾਸ ਨੇੜੇ ਇਕ ਇਕਾਂਤ ਥਾਂ ਨਜ਼ਰ ਆਈ ਅਤੇ ਉਸ ਨੇ ਲਾਸ਼ ਨੂੰ ਉੱਥੋਂ ਨਹਿਰ 'ਚ ਸੁੱਟ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਦੇ ਪਤੀ ਨੇ ਸ਼ੁੱਕਰਵਾਰ ਸ਼ਾਮ ਟਾਲੀਗੰਜ ਪੁਲਸ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ।