ਟੋਰਾਂਟੋ— ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਬੀਚਾਂ 'ਤੇ ਵੱਧ ਰਹੀ ਭੀੜ ਦੀ ਚਿੰਤਾ ਦੇ ਬਾਵਜੂਦ ਸੂਬੇ 'ਚ ਇਨ੍ਹਾਂ ਨੂੰ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫੋਰਡ ਨੇ ਇਸ ਦੀ ਬਜਾਏ ਓਂਟਾਰੀਓ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਬੀਚ 'ਤੇ ਜਾਣ ਸਮੇਂ 'ਸੋਚ-ਸਮਝ' ਦਾ ਇਸਤੇਮਾਲ ਕਰੋ। ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਬੀਚ 'ਤੇ ਭੀੜ ਦਿਸ ਰਹੀ ਹੈ ਤਾਂ ਉਸ ਦੀ ਬਜਾਏ ਦੂਜੀ ਹੋਰ ਜਗ੍ਹਾ ਲੱਭੋ।

ਫੋਰਡ ਨੇ ਕਿਹਾ, ''ਮੌਜੂਦਾ ਸਮੇਂ ਅਸੀਂ ਓਂਟਾਰੀਓ ਦੇ ਕਿਸੇ ਵੀ ਸੂਬਾਈ ਬੀਚ ਨੂੰ ਬੰਦ ਨਹੀਂ ਕਰਨ ਜਾ ਰਹੇ ਹਾਂ। ਇਕ ਵਾਰ ਫਿਰ ਮੈਂ ਤੁਹਾਨੂੰ ਇਹੀ ਕਹਾਂਗਾਂ ਕਿ ਸੋਚ-ਸਮਝ ਦਾ ਇਸਤੇਮਾਲ ਕਰੋ ਤੇ ਭੀੜ ਨਾ ਕਰੋ।''


PunjabKesari
ਮੁੱਖ ਮੰਤਰੀ ਦੀ ਇਹ ਟਿੱਪਣੀ ਉਸ ਵਕਤ ਆਈ ਹੈ ਜਦੋਂ ਇਕ ਦਿਨ ਪਹਿਲਾਂ ਹੀ ਵਾਸਾਗਾ ਬੀਚ ਨੇ ਆਪਣੇ ਪ੍ਰਸਿੱਧ ਬੀਚ 'ਤੇ ਲੋਕਾਂ ਦੀ ਪਹੁੰਚ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਸੀ। ਵਾਸਾਗਾ ਬੀਚ ਦੀ ਮੇਅਰ ਨੀਨਾ ਬਿਫੋਲਚੀ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਨਿਯਮ ਕੀ ਹਨ ਅਤੇ ਫਿਰ ਵੀ ਉਨ੍ਹਾਂ ਨੇ ਬੀਚ 'ਤੇ ਇਕ ਦਿਨ ਦੀ ਖ਼ਾਤਰ ਉਨ੍ਹਾਂ ਸਾਰੇ ਨਿਯਮਾਂ ਨੂੰ ਸਾਫ਼-ਸਾਫ਼ ਨਜ਼ਰ ਅੰਦਾਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਜੋ ਦੇਖਿਆ ਉਸ ਨਾਲ ਮੈਂ ਬਹੁਤ ਹੈਰਾਨ ਹੋਈ। ਬਿਫੋਲਚੀ ਨੇ ਕਿਹਾ ਕਿ ਨਗਰਪਾਲਿਕਾ ਨਾਲ ਸੰਬੰਧਤ ਬੀਚ ਅਗਲੇ ਵੀਰਵਾਰ ਤੱਕ ਬੰਦ ਰਹੇਗਾ। ਹਾਲਾਂਕਿ, ਉਨ੍ਹਾਂ ਕੋਲ ਵਾਸਾਗਾ ਬੀਚ ਪ੍ਰੋਵੀਂਸ਼ੀਅਲ ਪਾਰਕ ਬੰਦ ਕਰਨ ਦਾ ਅਧਿਕਾਰ ਨਹੀਂ ਹੈ।
ਇਸ ਵਿਚਕਾਰ ਟਰਾਂਟੋ ਦੇ ਮੇਅਰ ਟੋਰੀ ਨੇ ਕਿਹਾ ਕਿ ਸ਼ਹਿਰ ਦੀ ਬੀਚ 'ਤੇ ਲੋਕਾਂ ਨੂੰ ਸੀਮਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਹ ਉਮੀਦ ਕਰਦਾ ਹਾਂ ਕਿ ਲੋਕ ਵੱਧ ਤੋਂ ਵੱਧ ਇੱਕਠੇ ਹੋਣ ਤੋਂ ਬਚਣਗੇ।