ਧੂਰੀ (ਅਸ਼ਵਨੀ) : ਧੂਰੀ ਦੇ ਇਕ ਨੌਜਵਾਨ ਦੀ ਦੁਬਈ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਢਾਈ ਸਾਲ ਪਹਿਲਾਂ ਰੋਜ਼ਗਾਰ ਦੀ ਭਾਲ 'ਚ ਦੁਬਈ ਗਿਆ ਸੀ, ਜਿਥੇ ਬੀਤੇ ਦਿਨ ਉਸ ਦੀ ਅਚਾਨਕ ਮੌਤ ਹੋ ਗਈ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦਾ ਪੂਰਾ ਪਰਿਵਾਰ ਸਦਮੇ 'ਚ ਹੈ। ਇਸ ਸਬੰਧੀ ਧੂਰੀ 'ਚ ਰਹਿੰਦੇ ਮ੍ਰਿਤਕ ਦੇ ਵੱਡੇ ਭਰਾ ਦਰਸ਼ਨ ਸਿੰਘ ਅਤੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਗੁਰਮੁੱਖ ਸਿੰਘ ਘਰੇਲੂ ਆਰਥਿਕ ਤੰਗੀ ਦੇ ਕਾਰਨ ਰੋਜ਼ਗਾਰ ਦੀ ਭਾਲ 'ਚ ਕਰੀਬ ਢਾਈ ਸਾਲ ਪਹਿਲਾਂ ਦੁਬਈ ਗਿਆ ਸੀ ਅਤੇ ਸ਼ਾਰਜਾਹ ਸ਼ਹਿਰ ਵਿਖੇ ਮਜ਼ਦੂਰੀ ਕਰਦਾ ਸੀ। ਬੀਤੀ ਕੱਲ ਸਾਨੂੰ ਦੁਬਈ ਤੋਂ ਕਿਸੇ ਵਿਅਕਤੀ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਗੁਰਮੁੱਖ ਸਿੰਘ ਦੀ ਦੁਬਈ ਵਿਖੇ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਦੇ ਕਾਰਨ ਅਸੀਂ ਆਪਣੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦਾ ਖਰਚਾ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ: ਹੁਣ ਇਸ ਇਲਾਕੇ ਨੂੰ ਕੀਤਾ ਗਿਆ ਪੂਰੀ ਤਰ੍ਹਾਂ ਸੀਲ

ਆਲ ਇੰਡੀਆਂ ਐੱਫ.ਸੀ.ਆਈ. ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨਐੱਸ.ਐਸ.ਚੱਠਾ, ਬਸਪਾ ਆਗੂ ਅਤੇ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ, ਆਪ ਆਗੂ ਸੰਦੀਪ ਸਿੰਗਲਾ, ਸਾਬਕਾ ਕੌਂਸਲਰ ਅਮਰੀਕ ਸਿੰਘ, ਅਕਾਲੀ ਆਗੂ ਗਮਦੂਰ ਸਿੰਘ ਜਵੰਧਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ, ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਤੇ ਸਮਾਜਸੇਵੀ ਐੱਸ.ਪੀ.ਸਿੰਘ. ਓਬਰਾਏ ਨੂੰ ਅਪੀਲ ਕੀਤੀ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਤਾਂ ਜੋ ਉਹ ਆਪਣੇ ਪੁੱਤ ਦਾ ਅੰਤਿਮ-ਸਸਕਾਰ ਕਰ ਸਕਣ।

ਇਹ ਵੀ ਪੜ੍ਹੋ : ...ਤੇ ਹੁਣ ਫ਼ਰੀਦਕੋਟ ਦੇ ਇਸ ਪਿੰਡ 'ਚ ਖੁੱਲ੍ਹਿਆ 'ਮੋਦੀਖਾਨਾ'