ਇਸਲਾਮਾਬਾਦ— ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀ. ਆਈ. ਏ.) ਨੇ ਵੱਖ-ਵੱਖ ਦੋਸ਼ਾਂ 'ਚ ਆਪਣੇ 52 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।

ਮੀਡੀਆ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕਰਮਚਾਰੀਆਂ ਨੂੰ ਫਰਜ਼ੀ ਡਿਗਰੀ, ਨਿਯਮਾਂ ਦੇ ਉਲੰਘਣ ਵਰਗੇ ਦੋਸ਼ਾਂ 'ਚ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਪਿਛਲੇ ਮਹੀਨੇ ਰਾਸ਼ਟਰੀ ਜਹਾਜ਼ ਕੰਪਨੀ ਨੇ 140 ਤੋਂ ਵੱਧ ਪਾਇਲਟਾਂ ਨੂੰ ਉਡਾਣਾਂ ਤੋਂ ਰੋਕ ਦਿੱਤਾ ਸੀ। ਸੰਸਦ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਨ੍ਹਾਂ 'ਚੋਂ ਕੁਝ ਪਾਇਲਟਾਂ ਦੇ ਉਡਾਣ ਲਾਇਸੈਂਸ 'ਸ਼ੱਕੀ ਜਾਂ ਫਰਜ਼ੀ' ਹਨ। 'ਡਾਨ ਨਿਊਜ਼' ਨੇ ਪੀ. ਆਈ. ਏ. ਦੇ ਐੱਚ. ਆਰ. ਵਿਭਾਗ ਵੱਲੋਂ ਕਰਮਚਾਰੀਆਂ ਨੂੰ ਲਿਖੇ ਪੱਤਰ ਦਾ ਬਿਓਰਾ ਦਿੱਤਾ ਹੈ।

ਪੱਤਰ 'ਚ ਕਿਹਾ ਗਿਆ ਹੈ, ''ਅਨੁਸ਼ਾਸਨ ਕਿਸੇ ਵੀ ਸੰਗਠਨ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਹੈ, ਕਿਉਂਕਿ ਇਹ ਕਰਮਚਾਰੀਆਂ ਨੂੰ ਸੰਗਠਨ ਦੇ ਨਿਯਮਾਂ ਪਾਲਣਾ ਕਰਨ ਲਈ ਮਜ਼ਬੂਰ ਤੇ ਪ੍ਰੇਰਿਤ ਕਰਦਾ ਹੈ। ਅਜਿਹੇ 'ਚ ਬਿਨਾਂ ਕਿਸੇ ਭੇਦਭਾਵ ਦੇ ਪਾਰਦਰਸ਼ੀ ਤਰੀਕੇ ਨਾਲ ਹੋਈ ਜਾਂਚ ਤੋਂ ਬਾਅਦ ਮਿਹਨਤੀ ਕਰਮਚਾਰੀਆਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ। ਉੱਥੇ ਹੀ ਅਜਿਹੇ ਕਰਮਚਾਰੀ ਜੋ ਦੋਸ਼ੀ ਹਨ ਉਨ੍ਹਾਂ ਨੂੰ ਦੰਡਿਤ ਕੀਤਾ ਜਾਣਾ ਚਾਹੀਦਾ ਹੈ।'' ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀ. ਆਈ. ਏ. ਨੇ ਸ਼ੁੱਕਰਵਾਰ ਨੂੰ ਜਾਅਲੀ ਡਿਗਰੀ, ਨਿਯਮਾਂ ਦੇ ਉਲੰਘਣ ਅਤੇ ਅਧਿਕਾਰਤ ਸੂਚਨਾ ਲੀਕ ਕਰਨ ਵਰਗੇ ਦੋਸ਼ਾਂ 'ਚ 52 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।