ਜੰਮੂ (ਭਾਸ਼ਾ)— ਜੰਮੂ-ਕਸ਼ਮੀਰ 'ਚ ਸ਼ਨੀਵਾਰ ਨੂੰ 'ਅਨਲਾਕ-2' ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਅਤੇ ਪ੍ਰਸ਼ਾਸਨ ਨੇ ਧਾਰਮਿਕ ਸਥਾਨਾਂ ਅਤੇ ਸਿੱਖਿਅਕ ਸੰਸਥਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਹੈ। ਉੱਥੇ ਹੀ ਪ੍ਰਸ਼ਾਸਨ ਨੇ ਹੋਟਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਮੁਤਾਬਕ ਵੈਧ ਪਾਸ ਧਾਰਕਾਂ ਤੋਂ ਇਲਾਵਾ ਕਿਸੇ ਨੂੰ ਅੰਤਰਰਾਜੀ ਅਤੇ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲੇ ਵਿਚ ਆਵਾਜਾਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਗਲੇ ਹੁਕਮ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ. ਵੀ. ਆਰ. ਸੁਬਰਾਮਣੀਅਮ ਨੇ ਸ਼ੁੱਕਰਵਾਰ ਰਾਤ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਇਹ 31 ਜੁਲਾਈ ਤੱਕ ਪ੍ਰਭਾਵੀ ਰਹਿਣਗੇ।

ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਜ਼ਿਲ੍ਹਿਆਂ ਨੂੰ 'ਰੈੱਡ', 'ਆਰੇਂਜ' ਅਤੇ 'ਗ੍ਰੀਨ' ਸ਼੍ਰੇਣੀਆਂ 'ਚ ਵੰਡਿਆ ਸੀ। ਬਾਂਦੀਪੁਰਾ ਨੂੰ ਛੱਡ ਕੇ ਕਸ਼ਮੀਰ ਵਿਚ ਸ਼੍ਰੀਨਗਰ ਸਮੇਤ ਬਾਕੀ 9 ਜ਼ਿਲ੍ਹਿਆਂ ਅਤੇ ਜੰਮੂ ਖੇਤਰ ਦੇ ਰਾਮਬਨ ਨੂੰ 'ਰੈੱਡ' ਜ਼ੋਨ ਐਲਾਨ ਕੀਤਾ ਗਿਆ ਹੈ। ਕਠੂਆ ਜ਼ਿਲ੍ਹੇ ਦੇ ਲਖਨਪੁਰ ਨੂੰ ਵੀ ਇਸੇ ਸ਼੍ਰੇਣੀ 'ਚ ਰੱਖਿਆ ਗਿਆ ਹੈ। ਬਾਂਦੀਪੁਰਾ ਅਤੇ ਜੰਮੂ ਖੇਤਰ ਦੇ 7 ਹੋਰ ਜ਼ਿਲ੍ਹਿਆਂ ਨੂੰ 'ਆਰੇਂਜ' ਜ਼ੋਨ ਵਿਚ ਵੰਡਿਆ ਗਿਆ ਹੈ। ਉੱਥੇ ਹੀ ਡੋਡਾ ਅਤੇ ਕਿਸ਼ਤਵਾੜ 'ਗ੍ਰੀਨ' ਜ਼ੋਨ 'ਚ ਬਣੇ ਹੋਏ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰੈਸਟੋਰੈਂਟ ਹੁਣ 50 ਫੀਸਦੀ ਸਮਰੱਥਾ ਨਾਲ ਲੋਕਾਂ ਨੂੰ ਬੈਠਾ ਕੇ ਭੋਜਨ ਕਰਵਾ ਸਕਣਗੇ, ਜਿਨ੍ਹਾਂ ਨੂੰ ਪਹਿਲਾਂ ਸਿਰਫ ਹੋਮ ਡਿਲਿਵਰੀ ਦੀ ਜਾਂ ਗਾਹਕਾਂ ਨੂੰ ਪੈਕ ਕਰ ਕੇ ਸਾਮਾਨ ਦੇਣ ਦੀ ਆਗਿਆ ਸੀ। ਉੱਥੇ ਹੀ ਹੋਟਲ ਸੌ ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਹੁਕਮ ਮੁਤਾਬਕ ਧਾਰਮਿਕ ਸਥਾਨ ਅਗਲੇ ਹੁਕਮ ਤੱਕ ਜਨਤਾ ਲਈ ਬੰਦ ਰਹਿਣਗੇ। ਉੱਥੇ ਹੀ ਸਿਨੇਮਾ ਹਾਲ, ਜਿਮ, ਸਵੀਮਿੰਗ ਪੂਲ, ਬਾਰ ਆਦਿ ਵੀ ਬੰਦ ਰਹਿਣਗੇ।