ਹਿਸਾਰ- ਹਰਿਆਣਾ ਦੀ ਹਾਂਸੀ ਪੁਲਸ ਨੇ ਇਕ ਨੌਜਵਾਨ ਨੂੰ ਆਪਣੇ ਚਚੇਰੇ ਭਰਾ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਅਤੇ ਵਾਰਦਾਤ ਦੇ ਸਿਲਸਿਲੇ 'ਚ 2 ਹੋਰ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸ਼ਿਵ ਕਾਲੋਨੀ ਵਾਸੀ ਭਰਤ ਦੇ ਰੂਪ 'ਚ ਕੀਤੀ ਗਈ ਹੈ। ਪੁੱਛ-ਗਿੱਛ 'ਚ ਭਰਤ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਪਣੇ ਚਚੇਰੇ ਭਰਾ ਅਨਿਲ ਦਾ ਕਤਲ ਕੀਤਾ ਹੈ। ਉਸ ਨੇ ਦੱਸਿਆ ਕਿ 24 ਜੂਨ ਨੂੰ ਉਹ ਆਪਣੇ ਜੀਜਾ ਰਾਜੇਂਦਰ ਅਤੇ ਇਕ ਹੋਰ ਦੋਸਤ ਨਾਲ ਖੇਤ 'ਚ ਬੈਠ ਕੇ ਅਨਿਲ ਨਾਲ ਸ਼ਰਾਬ ਪੀ ਰਹੇ ਸੀ। ਪੁਰਾਣੀ ਰੰਜਿਸ਼ ਨੂੰ ਲੈ ਕੇ ਉਸ ਨੇ ਅਨਿਲ ਦੇ ਸਿਰ 'ਤੇ ਲੋਹੇ ਦੀ ਚੀਜ਼ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਖੇਤ 'ਚ ਲਿਜਾ ਕੇ ਅੱਗ ਲਗਾ ਦਿੱਤੀ ਅਤੇ ਸੁਆਹ ਨੂੰ ਝਾੜੀਆਂ 'ਚ ਸੁੱਟ ਦਿੱਤਾ।

ਪੁਲਸ ਨੇ ਤਿੰਨ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਸ਼ਿਵ ਕਾਲੋਨੀ ਵਾਸੀ ਅਨਿਲ ਦੇ ਪਿਤਾ ਸਵਰੂਪ ਨੇ ਉਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਬੇਟਾ 24 ਜੂਨ ਤੋਂ ਲਾਪਤਾ ਹੈ ਅਤੇ ਕਤਲ ਦਾ ਸ਼ੱਕ ਭਰਤ 'ਤੇ ਜਤਾਇਆ ਸੀ। ਪਿਤਾ ਦਾ ਕਹਿਣਾ ਸੀ ਕਿ ਉਸ ਦੇ ਬੇਟੇ ਦਾ ਭਰਤ ਨਾਲ ਤਿੰਨ ਚਾਰ ਦਿਨ ਪਹਿਲਾਂ ਵਿਵਾਦ ਹੋ ਗਿਆ ਸੀ। ਪੁਲਸ ਨੇ ਜਦੋਂ ਭਰਤ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਕਤਲ ਕਰਨ ਦੀ ਗੱਲ ਦੱਸ ਦਿੱਤੀ।