ਜਲੰਧਰ (ਮ੍ਰਿਦੁਲ) – ਥਾਣਾ ਨੰਬਰ 6 ਅਧੀਨ ਆਉਂਦੇ ਬੂਟਾ ਪਿੰਡ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਅਚਾਨਕ ਇਕ ਵਿਅਕਤੀ ਵਲੋਂ ਕਿਡਨੈਪਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ।  ਬਾਅਦ ਵਿਚ ਪੁਲਸ ਜਾਂਚ ਵਿਚ ਮਾਮਲਾ ਕਿਡਨੈਪਿੰਗ ਦਾ ਨਹੀਂ, ਸਗੋਂ ਰਿਸ਼ਤੇਦਾਰਾਂ ਨਾਲ ਰੰਜਿਸ਼ ਦਾ ਨਿਕਲਿਆ। ਹਾਲਾਂਕਿ ਮਾਮਲੇ ਸਬੰਧੀ ਪੀੜਤ ਜੇਮਸ ਵਲੋਂ ਸ਼ਿਕਾਇਤ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜੇਮਸ ਨੇ ਦੋਸ਼ ਲਾਇਆ ਕਿ ਉਹ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਸਨੂੰ ਸਵੇਰੇ ਹੀ ਗੈਸ ਸਿਲੰਡਰ ਸਪਲਾਈ ਕਰਨ ਲਈ ਫੋਨ ਆਇਆ।ਜਦੋਂ ਉਹ ਸਿਲੰਡਰ ਸਪਲਾਈ ਕਰਨ ਲਈ ਬੂਟਾ ਪਿੰਡ ਗਿਆ ਤਾਂ ਉਸਨੂੰ ਕੁਝ ਨੌਜਵਾਨਾਂ ਵਲੋਂ ਘੇਰ ਲਿਆ ਗਿਆ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ ਗਈ। ਉਹ ਉਸਨੂੰ ਜਬਰਨ ਕਾਰ ਵਿਚ ਬਿਠਾਉਣ ਲੱਗੇ , ਜਿਸ ’ਤੇ ਲੋਕ ਇਕੱਠੇ ਹੋ ਗਏ ਅਤੇ ਬਾਅਦ ਵਿਚ ਮੁਲਜ਼ਮ ਫਰਾਰ ਹੋ ਗਿਆ।

ਮੌਕੇ ’ਤੇ ਪੁਲਸ ਪਹੁੰਚੀ ਨੇ ਜਾਂਚ ਕੀਤੀ ਤਾਂ ਕਹਾਣੀ ਹੀ ਕੁਝ ਹੋਰ ਨਿਕਲੀ। ਐੱਸ.ਐੱਚ. ਓ.ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਮਾਮਲਾ ਰਿਸ਼ਤੇਦਾਰੀ ਵਿਚ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ। ਕਿਡਨੈਪਿੰਗ ਦੀ ਸਿਰਫ ਅਫਵਾਹ ਹੀ ਫੈਲਾਈ ਗਈ ਹੈ। ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।