ਬ੍ਰਾਜ਼ੀਲ : ਬ੍ਰਾਜ਼ੀਲ ਦੇ ਬਹੀਆਂ ਸ਼ਹਿਰ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇਥੇ ਪਾਲਤੂ ਕੁੱਤੇ ਨੇ ਆਪਣੇ ਮਾਲਕ ਦੀਆਂ ਜੁੜਵਾ ਨਵਜੰਮੀਆਂ ਬੱਚੀਆਂ ਨੂੰ ਇਸ ਕਰਕੇ ਮਾਰ ਦਿੱਤਾ ਕਿਉਂਕਿ ਉਹ ਆਪਣੇ ਮਾਲਕ ਦਾ ਪਿਆਰ ਕਿਸੇ ਹੋਰ ਨਾਲ ਵੰਡਣਾ ਨਹੀਂ ਸੀ ਚਾਹੁੰਦਾ। ਦਿ ਸਨ 'ਚ ਛਪੀ ਇਕ ਖ਼ਬਰ ਮੁਤਾਬਕ ਐਨੀ ਅਤੇ ਏਨਾਲੂ 2 ਜੁੜਵਾਂ ਭੈਣਾਂ 23 ਜੂਨ ਨੂੰ ਪੈਦਾ ਹੋਈਆਂ ਸਨ। ਬੱਚੀਆਂ ਦੀ ਮਾਂ ਏਲੀਨਾ ਨੋਵਿਸ ਨੇ ਲੈਬਰਾਡੋਰ ਅਤੇ ਅਮਰੀਕਨ ਫੌਕਸਹਾਉਂਡ ਨਸਲ ਦੇ 2 ਕੁੱਤੇ ਰੱਖੇ ਹੋਏ ਸਨ, ਜੋ ਪਿਛਲੇ 5 ਸਾਲਾਂ ਤੋਂ ਉਸ ਦੇ ਨਾਲ ਹੀ ਰਹਿ ਰਹੇ ਸਨ। ਏਲੀਨਾ ਨੇ ਦੱਸਿਆ ਕਿ ਉਸ ਦਾ ਕੁੱਤਾ ਇਕ ਅਮਰੀਕਨ ਫੌਕਸਾਉਂਡ ਨਸਲ ਬਹੁਤ ਖੁਸ਼ਮਿਜਾਜ਼ ਸੀ, ਪਰ ਦੋਵਾਂ ਬੱਚੀਆਂ ਦੇ ਘਰ ਆਉਣ ਤੋਂ ਬਾਅਦ ਉਸ ਦਾ ਵਿਵਹਾਰ ਥੋੜ੍ਹਾ ਬਦਲ ਗਿਆ ਸੀ। ਉਹ ਲਗਾਤਾਰ ਬੱਚੀਆਂ ਦੀ ਥਾਂ ਉਸ ਨੂੰ ਪਿਆਰ ਕਰਨ ਜਾਂ ਉਸ ਦੀ ਗੋਦ ਵਿਚ ਬੈਠਣ ਦੀ ਜ਼ਿੱਦ ਕਰਦਾ ਸੀ।

ਏਲੀਨਾ ਨੇ ਦੱਸਿਆ ਕਿ ਸ਼ੁਰੂਆਤ ਵਿਚ ਉਸ ਨੂੰ ਇਹ ਸਭ ਆਮ ਲੱਗਿਆ, ਕਿਉਂਕਿ ਇਹ ਅਕਸਰ ਹੁੰਦਾ ਹੈ ਪਰ ਪਿਛਲੇ ਦਿਨੀਂ ਉਹ ਦੋਵੇਂ ਬੱਚੀਆਂ ਨੂੰ ਕਮਰੇ ਵਿਚ ਛੱਡ ਕੇ ਘਰ ਦੇ ਕਿਸੇ ਹੋਰ ਹਿੱਸੇ ਵਿਚ ਕੁਝ ਕੰਮ ਕਰ ਰਹੀ ਸੀ। ਉਸ ਨੇ ਬੱਚੀਆਂ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਏਲੀਨਾ ਕਮਰੇ ਵਿਚ ਆਈ ਉਦੋਂ ਤੱਕ ਕੁੱਤੇ ਨੇ ਦੋਵਾਂ ਬੱਚੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਡਾਕਟਰ ਅਨੁਸਾਰ ਛੋਟੀਆਂ ਬੱਚੀਆਂ ਦਾ ਢਿੱਡ ਪੂਰੀ ਤਰ੍ਹਾਂ ਫੱਟ ਗਿਆ ਸੀ, ਜਿਸ ਕਾਰਨ ਉਹ ਬੱਚ ਨਹੀਂ ਸਕੀਆਂ। ਡਾਕਟਰ ਅਨੁਸਾਰ ਬੱਚੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਏਲੀਨਾ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਦੋਵੇਂ ਕੁੱਤੇ ਬਹੁਤ ਮਿਲਣਸਾਰ ਸਨ, ਪਰ ਏਲੀਨਾ ਦੇ ਧਿਆਨ ਨਾ ਦੇਣ ਕਾਰਨ ਉਹ ਬੱਚੀਆਂ ਨਾਲ ਈਰਖਾ ਕਰ ਰਹੇ ਸਨ। ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਹੈ ਕਿ ਘਰ ਵਿਚ ਮੌਜੂਦ ਦੂਜੇ ਕੁੱਤੇ ਨੇ ਕੁੜੀਆਂ 'ਤੇ ਹਮਲਾ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ।