ਮਨੀਲਾ (ਵਾਰਤਾ) : ਫਿਲੀਪੀਨਜ਼ ਦੇ ਸੂਬੇ ਬਾਸਿਲਾਨ ਵਿਚ ਗੋਲੀਬਾਰੀ ਦੀ ਘਟਨਾ ਵਿਚ 1 ਫੌਜੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੀ ਹੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਗਏ। ਫੌਜ ਦੇ ਬੁਲਾਰੇ ਮੇਜਰ ਅਰਵਿਨ ਏਸਿਨਾਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਾਸਿਲਾਨ ਦੇ ਟਿਪੋ-ਟਿਪੋ ਸ਼ਹਿਰ ਕੋਲ ਇਕ ਪਿੰਡ ਵਿਚ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ ਸਾਡੇ 9 ਵਜੇ ਹੋਈ ਗੋਲੀਬਾਰੀ ਵਿਚ ਇਕ ਫੌਜੀ, ਦੋ ਲੜਾਕਿਆਂ ਅਤੇ ਇਕ ਨਾਗਰਿਕ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।

ਸੰਯੁਕਤ ਕਾਰਜ ਬਲ ਬਾਸਿਲਾਨ (ਜੇ.ਟੀ.ਐਫ.ਬੀ.) ਨੇ ਇਕ ਵੱਖ ਰਿਪੋਟਰ ਵਿਚ ਕਿਹਾ ਕਿ ਗੋਲੀਬਾਰੀ ਇਕ ਫੌਜੀ ਟੁਕੜੀ ਤੋਂ ਲਗਭਗ 120 ਮੀਟਰ ਦੂਰ ਹੋਈ। ਰਿਪੋਟਰ ਵਿਚ ਕਿਹਾ ਗਿਆ ਹੈ ਕਿ ਪਿੰਡ ਦੇ ਚੌਂਕੀਦਾਰਾਂ ਨੇ ਕਰੀਮ ਮੈਨੀਸਨ ਦੀ ਅਗਵਾਈ ਵਿਚ ਹਮਲਾ ਕੀਤਾ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਸ਼ੱਕੀ ਫਰਾਰ ਹੋ ਗਏ। ਜੇ.ਟੀ.ਐਫ.ਬੀ. ਨੇ ਦੱਸਿਆ ਕਿ ਖੇਤਰ ਵਿਚ ਸੁਰੱਖਿਆ ਫੋਰਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਅਨੁਸਾਰ ਫੌਜੀ ਮਾਕਰ ਐਂਟਨੀ ਮੋਂਟੇ ਅਤੇ ਕਰੀਮ ਦੀ ਆਪਸੀ ਰੰਜਿਸ਼ ਕਾਰਨ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਵਿਚ ਦੋ ਲੜਾਕੇ ਵੀ ਮਾਰੇ ਗਏ। ਪੁਲਸ ਅਤੇ ਫੌਜੀ ਬਲ ਹੁਣ ਕਰੀਮ ਅਤੇ ਗੋਲੀਬਾਰੀ ਵਿਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੇ ਹਨ।