ਓਟਾਵਾ— ਇਕ 25 ਸਾਲਾ ਕੁੜੀ ਦੇ ਲਾਪਤਾ ਹੋਣ 'ਤੇ ਓਟਾਵਾ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਕੁੜੀ ਦੀ ਤਲਾਸ਼ ਲਈ ਲੋਕਾਂ ਤੋਂ ਵੀ ਮਦਦ ਮੰਗੀ ਹੈ।

ਪੁਲਸ ਦਾ ਕਹਿਣਾ ਹੈ ਕਿ ਬ੍ਰਿਟਨੀ ਡਿਗਨਾਰਡ ਵੈਸਟਬੋਰੋ ਬੀਚ ਤੋਂ ਲਾਪਤਾ ਹੋਈ ਹੈ ਅਤੇ ਇਸ ਦੀ ਸੂਚਨਾ ਸ਼ੁੱਕਰਵਾਰ ਨੂੰ ਮਿਲੀ ਸੀ। ਕੁੜੀ ਦਾ ਪਰਿਵਾਰ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ।

ਪਰਿਵਾਰ ਵੱਲੋਂ ਪੁਲਸ ਨੂੰ ਦਿੱਤੀ ਗਈ ਸੂਚਨਾ ਮੁਤਾਬਕ, ਬ੍ਰਿਟਨੀ ਦਾ ਕੱਦ 5 ਫੁੱਟ 7 ਇੰਚ ਲੰਮਾ ਅਤੇ ਭਾਰ ਤਕਰੀਬਨ 43 ਕਿਲੋ ਹੈ। ਉਸ ਦੇ ਚਿਹਰੇ 'ਤੇ ਮੁਹਾਸੇ ਅਤੇ ਦਾਗ ਹਨ, ਅੱਖਾਂ ਦਾ ਰੰਗ ਭੂਰਾ ਅਤੇ ਮੋਢਿਆਂ ਤੱਕ ਲੰਮੇ ਕਾਲੇ ਵਾਲ ਹਨ। ਇਸ ਤੋਂ ਇਲਾਵਾ ਉਸ ਦੇ ਹੱਥਾਂ ਤੇ ਬਾਹਾਂ 'ਤੇ ਕਈ ਟੈਟੂ ਹਨ।
ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਬ੍ਰਿਟਨੀ ਡਿਗਨਾਰਡ ਦੇ ਮੌਜੂਦਾ ਟਿਕਾਣੇ ਦਾ ਪਤਾ ਲੱਗਦਾ ਹੈ ਤਾਂ ਉਹ ਕ੍ਰਿਪਾ ਕਰਕੇ 613-236-1222 'ਤੇ ਕਾਲ ਕਰਕੇ ਇਸ ਦੀ ਜਾਣਕਾਰੀ ਸਾਨੂੰ ਦੇਣ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕਿੰਗਸਟਨ 'ਚ ਇਕ ਭਾਰਤੀ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। ਜੈਕੁਮਾਰ ਪਟੇਲ ਨੂੰ ਆਖਰੀ ਵਾਰ ਉਸ ਦੇ ਪਰਿਵਾਰ ਨੇ 26 ਜੂਨ, 2020 ਨੂੰ ਸ਼ਾਮ ਤਕਰੀਬਨ 6.30 ਵਜੇ ਕਿੰਗਸਟਨ ਵਿਚ ਡੈਲੀ ਸਟ੍ਰੀਟ 'ਤੇ ਵੇਖਿਆ ਸੀ।