ਗੈਜੇਟ ਡੈਸਕ– ਪਬਜੀ ਮੋਬਾਇਲ ਗੇਮ ਪਹਿਲਾਂ ਹੀ ਲੋਕਪ੍ਰਸਿੱਧ ਹੈ ਅਤੇ ਆਏ ਦਿਨ ਇਸ ਗੇਮ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਵਧਦਾ ਹੀ ਜਾ ਰਿਹਾ ਹੈ। ਪਬਜੀ ਗੇਮ ਦੇ ਕ੍ਰੇਜ਼ ਨੂੰ ਲੈ ਕੇ ਅਜਿਹੀ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਪੰਜਾਬ ਦੇ ਖਰੜ ’ਚ ਇਕ ਨਾਬਾਲਗ ਨੇ ਪਬਜੀ ਗੇਮ ਖੇਡਣ ਦੌਰਾਨ ਇਨ-ਐਪ ਸ਼ਾਪਿੰਗ ਅਤੇ ਅਪਗ੍ਰੇਡਿੰਗ ਲਈ 16 ਲੱਖ ਰੁਪਏ ਖਰਚ ਕਰ ਦਿੱਤੇ। ਮੀਡੀਆ ਰਿਪੋਰਟਾਂ ਮੁਤਾਬਕ, 17 ਸਾਲਾਂ ਦੇ ਇਸ ਨਾਬਾਲਗ ਨੂੰ ਆਪਣੇ ਮਾਪਿਆਂ ਦੇ ਤਿੰਨ ਬੈਂਕ ਖਾਤਿਆਂ ਦੇ ਅਕਾਊਂਟ ਨੰਬਰ ਪਤਾ ਸੀ। ਪਬਜੀ ਮੋਬਾਇਲ ਗੇਮ ਦੇ ਆਦੀ ਬਣ ਚੁੱਕੇ ਇਸ ਮੁੰਡੇ ਨੇ ਐਪ ’ਚ ਪੈਸੇ ਖ਼ਰਚ ਕਰਨ ਲਈ ਇਨ੍ਹਾਂ ਖਾਤਿਆਂ ਦੀ ਵਰਤੋਂ ਕੀਤੀ। ਨਾਬਾਲਗ ਨੇ ਆਪਣੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਆਪਣੀ ਪੜ੍ਹਾਈ ਲਈ ਦੇਰ ਤਕ ਮੋਬਾਇਲ ਦੀ ਵਰਤੋਂ ਕਰਦਾ ਹੈ ਜਦਕਿ ਪੜ੍ਹਾਈ ਦੀ ਥਾਂ ਉਹ ਕਈ ਘੰਟਿਆਂ ਤਕ ਪਬਜੀ ਮੋਬਾਇਲ ਗੇਮ ਖੇਡਦਾ ਸੀ। ਇਨ-ਐਪ ਸ਼ਾਪਿੰਗ ਤੋਂ ਇਲਾਵਾ ਗੇਮ ਖੇਡਣ ਦੌਰਾਨ ਉਹ ਆਪਣੇ ਟੀਮ ਦੇ ਮੈਂਬਰਾਂ ਲਈ ਵੀ ਅਪਗ੍ਰੇਡ ਖ਼ਰੀਦ ਰਿਹਾ ਸੀ। ‘ਦਿ ਟ੍ਰਿਬਿਊਨ’ ਦੀ ਇਕ ਰਿਪੋਰਟ ’ਚ ਇਹ ਖੁਲਾਸਾ ਕੀਤਾ ਗਿਆ ਹੈ। 

ਪੈਸੇ ਖਰਚ ਹੋਣ ਦੀ ਜਾਣਕਾਰੀ ਉਦੋਂ ਮਿਲੀ ਜਦੋਂ ਨਾਬਾਲਗ ਦੇ ਮਾਪਿਆਂ ਨੇ ਬੈਂਕ ਖਾਤੇ ਵੇਖੇ ਅਤੇ ਪਾਇਆ ਕਿ ਕਰੀਬ 16 ਲੱਖ ਰੁਪਏ ਖਰਚ ਹੋ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਨਾਬਾਲਗ ਗੇਮ ਖੇਡਣ ਲਈ ਆਪਣੀ ਮਾਂ ਦੇ ਫੋਨ ਦੀ ਵਰਤੋਂ ਕਰਦਾ ਸੀ। ਬੈਂਕ ਟ੍ਰਾਂਜੈਕਸ਼ਨ ਦੇ ਪੂਰੇ ਹੋਣ ਤੋਂ ਬਾਅਦ ਆਪਣੀ ਮਾਂ ਦੇ ਫੋਨ ’ਚੋਂ ਸਾਰੇ ਮੈਸੇਜ ਡਿਲੀਟ ਕਰ ਦਿੰਦਾ ਸੀ। 

ਮੁੰਡੇ ਦਾ ਪਿਓ ਇਕ ਸਰਕਾਰੀ ਕਰਮਚਾਰੀ ਹੈ ਅਤੇ ਜਿਸ ਸਮੇਂ ਉਸ ਦੇ ਮੁੰਡੇ ਨੇ ਪਬਜੀ ਮੋਬਾਇਲ ਗੇਮ ’ਚ ਪੈਸੇ ਉਡਾਓ, ਉਸ ਸਮੇਂ ਉਨ੍ਹਾਂ ਦੀ ਤਾਇਨਾਤੀ ਕਿਤੇ ਹੋਰ ਸੀ। ਮੁੰਡੇ ਦੇ ਪਿਓ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚੇ ਦੇ ਬਿਹਤਰ ਭਵਿੱਖ ਲਈ ਇਹ ਸਾਰੇ ਪੈਸੇ ਬਚਾਏ ਸਨ ਜੋ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਸੀ। ਖ਼ਬਰਾਂ ਮੁਤਾਬਕ, ਮੁੰਡੇ ਨੇ ਇਕ ਖਾਤੇ ’ਚੋਂ ਦੂਜੇ ਖਾਤੇ ’ਚ ਪੈਸੇ ਟ੍ਰਾਂਸਫਰ ਕੀਤੇ ਤਾਂ ਜੋ ਉਸ ਨੂੰ ਕੋਈ ਫੜ੍ਹ ਨਾ ਸਕੇ। ਪੁਲਸ ਨੇ ਵੀ ਮੁੰਡੇ ਦੇ ਮਾਪਿਆਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਨ੍ਹਾਂ ਦੇ ਮੁੰਡੇ ਨੇ ਗੇਮ ’ਚ ਜਾਣਬੁੱਝ ਕੇ ਪੈਸੇ ਖ਼ਰਚ ਕੀਤੇ ਸਨ।