ਅੰਮ੍ਰਿਤਸਰ,(ਛੀਨਾ)- ਕਾਂਗਰਸ ਸਰਕਾਰ ਨੇ ਸਿੱਧੂ ਜੋੜੇ ਤੇ ਮਿੱਠੂ ਮਦਾਨ ਸਮੇਤ ਜੋੜਾ ਫਾਟਕ ਰੇਲ ਹਾਦਸੇ ਦੇ ਮਾਮਲੇ 'ਚ ਅਸਲ ਦੋਸ਼ੀਆਂ ਨੂੰ ਬਚਾ ਕੇ ਪੀੜਤ ਪਰਿਵਾਰਾਂ ਨਾਲ ਇਕ ਵਾਰ ਫਿਰ ਵੱਡਾ ਧੋਖਾ ਕੀਤਾ ਹੈ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਅੱਜ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮੌਜੂਦਗੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਰਿਟਾ. ਜੱਜ ਅਮਰਜੀਤ ਸਿੰਘ ਕਟਾਰੀ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਕੀਤੀ ਜਾਂਚ 'ਚ ਨਿਗਮ ਦੇ 5 ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਕਾਂਗਰਸ ਸਰਕਾਰ ਨੇ ਗਾਂਧੀ ਪਰਿਵਾਰ ਦੇ ਇਸ਼ਾਰੇ 'ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ, ਮਿੱਠੂ ਮਦਾਨ ਤੇ ਬਾਕੀ ਪ੍ਰਬੰਧਕਾਂ ਨੂੰ ਭਾਂਵੇ ਕਲੀਨ ਚਿੱਟ ਦੇ ਦਿਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਜਾਂਚ ਰਿਪੋਰਟ ਨੂੰ ਮੁੱਢੋਂ ਰੱਦ ਕਰਦਾ ਹੈ।

ਗਿੱਲ ਨੇ ਕਿਹਾ ਕਿ ਦੁਸਹਿਰੇ ਮੌਕੇ ਵਾਪਰੇ ਜੋੜਾ ਫਾਟਕ ਰੇਲ ਹਾਦਸੇ ਨੂੰ ਯਾਦ ਕਰਕੇ ਅੱਜ ਵੀ ਹਰ ਮਨੁੱਖ ਦੀ ਰੂਹ ਕੰਭ ਉਠਦੀ ਹੈ ਪਰ ਸਰਕਾਰ ਨੂੰ ਇਹ ਸਿਰਫ ਇਕ ਆਮ ਹੀ ਹਾਦਸਾ ਦਿਖਾਈ ਦੇ ਰਿਹਾ ਹੈ, ਜਦਕਿ ਇਸ ਹਾਦਸੇ ਨੇ ਕਈ ਹੱਸਦੇ ਵੱਸਦੇ ਪਰਿਵਾਰ ਉਜਾੜ ਦਿਤੇ ਹਨ। ਗਿੱਲ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਦਾ ਰੋਸ ਸ਼ਾਂਤ ਕਰਨ ਲਈ ਪੀੜਤਾਂ ਦੀ ਮੱਦਦ ਵਾਸਤੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਪੀੜਤ ਪਰਿਵਾਰ ਕਾਂਗਰਸ ਸਰਕਾਰ ਤੇ ਸਿੱਧੂ ਜੋੜੇ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਹਨ। ਸ.ਗਿੱਲ ਨੇ ਕਿਹਾ ਕਿ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਾਰੇ ਮਾਮਲੇ ਦੀ ਮਾਣਯੋਗ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪੀੜਤ ਪਰਿਵਾਰਾਂ ਦੇ ਹੱਕ 'ਚ ਸੜਕਾਂ 'ਤੇ ਉਤਰ ਕੇ ਜ਼ੋਰਦਾਰ ਸੰਘਰਸ਼ ਕਰੇਗਾ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਦੋਵੇਂ ਸਾਬਕਾ ਮੁੱਖ ਸੰਸਦੀ ਸਕੱਤਰ, ਜਿਲਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ, ਸਹਾਇਕ ਆਬਜਰਵਰ ਸਮਸ਼ੇਰ ਸਿੰਘ ਸ਼ੇਰਾ, ਬਲਜਿੰਦਰ ਸਿੰਘ ਛੀਨਾ, ਠੇਕੇਦਾਰ ਦਵਿੰਦਰ ਸਿੰਘ, ਗੁਰਪ੍ਰਤਾਪ ਸਿੰਘ ਸੋਨੂੰ, ਕੁਲਦੀਪ ਸਿੰਘ ਸੰਧੂ ਤੇ ਹੋਰ ਵੀ ਹਾਜ਼ਰ ਸਨ।