ਆਈਜੋਲ— ਮਿਜ਼ੋਰਮ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ 2020-21 ਵਿੱਦਿਅਕ ਸੈਸ਼ਨ ਲਈ ਸਕੂਲ ਖੋਲ੍ਹਣ ਦੇ ਫੈਸਲੇ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ।

ਸਰਕਾਰ ਨੇ ਇਸ ਤੋਂ ਪਹਿਲਾਂ ਮੌਜੂਦਾ ਸੈਸ਼ਨ ਲਈ 15 ਜੁਲਾਈ ਤੋਂ ਇਕ ਵਿੱਦਿਅਕ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਸੀ। ਮਿਜ਼ੋਰਮ ਦੇ ਸਿੱਖਿਆ ਮੰਤਰੀ ਲਾਲਚੰਦਮਾ ਰਾਲਟੇ ਨੇ ਸ਼ੁੱਕਰਵਾਰ ਨੂੰ ਕਿਹਾ, “ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੇਸ਼ 'ਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ 31 ਜੁਲਾਈ ਤੱਕ ਵਿੱਦਿਅਕ ਅਤੇ ਸਿਖਲਾਈ ਸੰਸਥਾਵਾਂ ਨਾ ਖੋਲ੍ਹਣ, ਜਿਸ ਕਾਰਨ ਅਸੀਂ ਇਸ ਮਹੀਨੇ ਸਕੂਲ ਨਹੀਂ ਖੋਲ੍ਹ ਸਕਾਂਗੇ।''

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਸਬੰਧ 'ਚ ਫੈਸਲਾ ਲਵੇਗੀ। ਮਿਜ਼ੋਰਮ 'ਚ ਸ਼ੁੱਕਰਵਾਰ ਤੱਕ ਕੋਵਿਡ-19 ਦੇ 162 ਮਾਮਲੇ ਸਾਹਮਣੇ ਆਏ ਹਨ। ਇਸ ਵੇਲੇ ਸੂਬੇ 'ਚ 35 ਸੰਕ੍ਰਮਿਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂਕਿ 127 ਦੀ ਸਿਹਤ ਠੀਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਰਨਾ ਵਾਇਰਸ ਦੀ ਲਾਗ ਕਾਰਨ ਵਿਚਕਾਰ 'ਚ ਮੁਲਤਵੀ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਫਲਤਾਪੂਰਵਕ ਕਰਵਾਈਆਂ ਗਈਆਂ। ਮੰਤਰੀ ਨੇ ਦੱਸਿਆ ਕਿ 12ਵੀਂ ਕਲਾਸ ਦੀ ਪ੍ਰੀਖਿਆ ਦੇ ਨਤੀਜੇ 15 ਜੁਲਾਈ ਤੋਂ ਪਹਿਲਾਂ ਐਲਾਨ ਦਿੱਤੇ ਜਾਣਗੇ।