ਮਾਲੇਰਕੋਟਲਾ,(ਸ਼ਹਾਬੂਦੀਨ/ਜ਼ਹੂਰ): ਮਾਲੇਰਕੋਟਲਾ ਸ਼ਹਿਰ ਅੰਦਰ ਦਿਨੋਂ-ਦਿਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੌਰਾਨ ਇਕ ਦਰਜਨ ਦੇ ਕਰੀਬ ਮਰੀਜ਼ਾਂ ਦੀਆਂ ਹੋਈਆਂ ਮੌਤਾਂ ਜਿਥੇ ਸਥਾਨਕ ਸ਼ਹਿਰ ਲਈ ਇਕ ਵੱਡਾ ਝਟਕਾ ਹਨ, ਉਥੇ ਇਨ੍ਹਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਸਥਾਨਕ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਣ ਲਈ ਲੰਘੇ ਦਿਨੀ ਮੰਗਲਵਾਰ ਤੇ ਬੁੱਧਵਾਰ ਦੋ ਦਿਨ ਦਾ ਤਾਲਾਬੰਦੀ ਲਗਾਉਣ ਤੋਂ ਬਾਅਦ ਹੁਣ ਸ਼ਨੀਵਾਰ ਤੇ ਐਤਵਾਰ ਦੋ ਦਿਨ ਹੋਰ ਤਾਲਾਬੰਦੀ ਲਗਾਇਆ ਗਿਆ। ਜਿਸ ਦੇ ਅੱਜ ਪਹਿਲੇ ਦਿਨ ਮਾਲੇਰਕੋਟਲਾ ਸ਼ਹਿਰ ਦੇ ਸਮੁੱਚੇ ਬਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਸ਼ਹਿਰ ਦੀਆਂ ਸੜਕਾਂ 'ਤੇ ਕਰਫਿਊ ਵਾਂਗ ਸੁੰਨਾਟਾ ਛਾਇਆ ਰਿਹਾ। ਪ੍ਰਸ਼ਾਸਨ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਲੋਕ ਆਪਣੇ ਘਰਾਂ 'ਚ ਹੀ ਬੰਦ ਰਹੇ, ਕੋਈ ਜ਼ਰੂਰੀ ਕੰਮ ਕਾਰ ਵਾਲੇ ਲੋਕ ਹੀ ਘਰਾਂ ਤੋਂ ਬਾਹਰ ਨਿਕਲੇ। ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।

ਤਾਲਾਬੰਦੀ ਦੌਰਾਨ ਪੁਲਿਸ ਨੇ ਘਰ-ਘਰ ਜਾ ਕੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਮਾਲੇਰਕੋਟਲਾ ਦੇ ਕੰਟੇਨਮੈਂਟ ਜੋਨ ਐਲਾਨੇ ਸਰਹੰਦੀਗੇਟ ਜਿਸਨੂੰ ਪਿਛਲੇ ਕਰੀਬ 14 ਦਿਨਾਂ ਤੋਂ ਪ੍ਰਸ਼ਾਸਨ ਨੇ ਸੀਲ ਕੀਤਾ ਹੋਇਆ ਸੀ ਨੂੰ ਲੰਘੀ ਕੱਲ ਖੋਲ੍ਹ ਦਿੱਤੇ ਜਾਣ ਤੋਂ ਬਾਅਦ ਮਾਲੇਰਕੋਟਲਾ ਪੁਲਿਸ ਨੇ ਉਕਤ ਖੇਤਰ ਦਾ ਦੌਰਾ ਕਰਕੇ ਰਾਸ਼ਨ ਲਈ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕਰਨ ਉਪਰੰਤ ਅੱਜ ਤਾਲਾਬੰਦੀ ਦੌਰਾਨ ਮਾਲੇਰਕੋਟਲਾ ਪੁਲਸ ਦੇ ਐਸ. ਪੀ. ਮਨਜੀਤ ਸਿੰਘ ਬਰਾੜ ਨੇ ਥਾਣਾ ਸਿਟੀ-2 ਦੇ ਐਸ. ਐਚ. ਓ. ਦੀਪ ਇੰਦਰਪਾਲ ਸਿੰਘ ਜੇਜੀ ਅਤੇ ਹੋਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸਰਹੰਦੀਗੇਟ ਦੇ ਅੰਦਰਲੇ ਮੁਹੱਲਿਆਂ 'ਚ ਘਰ-ਘਰ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਾ ਸਮਾਨ, ਮਾਸਕ ਅਤੇ ਸੈਨੇਟਾਈਜ਼ਰ ਵੰਡੇ। ਐਸ.ਪੀ. ਬਰਾੜ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ 'ਚ ਸਾਹਮਣੇ ਆਏ ਕੋਰੋਨਾਂ ਕੇਸਾਂ 'ਚੋਂ ਜ਼ਿਆਦਾਤਰ ਕੇਸ ਸਰਹੰਦੀਗੇਟ ਇਲਾਕੇ ਨਾਲ ਸਬੰਧਤ ਸਨ। ਜਿਸ ਕਾਰਨ ਇਸ ਖੇਤਰ ਨੂੰ ਸੀਲ ਕੀਤੇ ਜਾਣ ਨਾਲ ਇਸ ਇਲਾਕੇ 'ਚ ਕੁਝ ਲੋਕਾਂ ਦੇ ਰਾਸ਼ਨ ਤੋਂ ਔਖੇ ਹੋਣ ਬਾਰੇ ਸਾਨੂੰ ਪਤਾ ਲੱਗਿਆ ਸੀ। ਇਸ ਲਈ ਅਸੀਂ ਇਨ੍ਹਾਂ ਸੀਲ ਕੀਤੇ ਖੇਤਰਾਂ ਦਾ ਦੌਰਾ ਕਰਕੇ ਸਾਰੇ ਲੋਕਾਂ ਤੋਂ ਰਾਸ਼ਨ ਦੀ ਲੋੜ ਹੋਣ ਬਾਰੇ ਪੁੱਛਿਆ ਸੀ ਪਰੰਤੂ 20 ਦੇ ਕਰੀਬ ਪਰਿਵਾਰਾਂ ਨੇ ਹੀ ਰਾਸ਼ਨ ਲੈਣ ਲਈ ਹਾਮੀ ਭਰਦਿਆਂ ਸਾਡੇ ਕੋਲ ਆਪਣੇ ਨਾਂ ਪਤੇ ਲਿਖਵਾਏ ਸਨ। ਜਿੰਨ੍ਹਾਂ ਨੂੰ ਅੱਜ ਅਸੀਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਰਾਸ਼ਨ ਵੰਡਿਆ ਹੈ।