ਕੋਲਕਾਤਾ : ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਸਰਕਾਰ ਨੇ 6 ਮਹਾਨਗਰਾਂ ਤੋਂ ਕੋਲਕਾਤਾ ਲਈ ਹਵਾਈ ਸੇਵਾ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਕੋਲਕਾਤਾ ਏਅਰਪੋਰਟ ਵੱਲੋਂ ਕਿਹਾ ਗਿਆ ਹੈ ਕਿ 6 ਤੋਂ 19 ਜੁਲਾਈ ਜਾਂ ਅਗਲੇ ਆਦੇਸ਼ ਤੱਕ ਦਿੱਲੀ, ਮੁੰਬਈ, ਪੁਣੇ, ਨਾਗਪੁਰ, ਚੇਨਈ ਅਤੇ ਅਹਿਮਦਾਬਾਦ ਤੋਂ ਕੋਲਕਾਤਾ ਲਈ ਕਿਸੇ ਜਹਾਜ਼ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਇਨ੍ਹਾਂ ਸ਼ਹਿਰਾਂ ਲਈ ਇੱਥੋਂ ਜਹਾਜ਼ਾਂ ਦਾ ਸੰਚਾਲਨ ਹੋਵੇਗਾ।
ਜ਼ਿਕਰਯੋਗ ਹੈ ਕਿ ਇਨ੍ਹਾਂ 6 ਮਹਾਨਗਰਾਂ 'ਚ ਹੀ ਦੇਸ਼ ਦੇ ਸਭ ਤੋਂ ਜ਼ਿਆਦਾ ਕੋਰੋਨਾ ਕੇਸ ਹਨ। ਦੂਜੇ ਪਾਸੇ ਪੱਛਮੀ ਬੰਗਾਲ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੱਛਮੀ ਬੰਗਾਲ 'ਚ ਹੁਣ ਤੱਕ 20,488 ਲੋਕ ਪੀੜਤ ਹੋ ਚੁੱਕੇ ਹਨ। ਸੂਬੇ 'ਚ 717 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 13,571 ਲੋਕ ਠੀਕ ਹੋਏ ਹਨ। ਸੂਬੇ 'ਚ 6,200 ਐਕਟਿਵ ਕੇਸ ਹਨ।